ਮਿਆਂਮਾਰ 'ਚ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਕਾਰਨ ਕਈ ਲੋਕ ਹੋਏ ਬੇਘਰ

06/18/2018 2:34:39 PM

ਮਿਆਂਮਾਰ— ਸੋਮਵਾਰ ਨੂੰ ਮਿਆਂਮਾਰ 'ਚ ਹੜ੍ਹ ਆਉਣ ਕਾਰਨ ਅਤੇ ਢਿੱਗਾਂ ਡਿੱਗਣ ਕਾਰਨ ਸੈਂਕੜੇ ਲੋਕਾਂ ਦੇ ਘਰ ਬਰਬਾਦ ਹੋ ਗਏ। ਮਿਆਂਮਾਰ ਦੇ ਦੱਖਣੀ ਹਿੱਸੇ 'ਚ ਸਥਿਤ ਮੋਨ ਸੂਬੇ 'ਚ ਭਾਰੀ ਮੀਂਹ ਮਗਰੋਂ ਹੜ੍ਹ ਆ ਗਿਆ ਅਤੇ ਢਿੱਗਾਂ ਡਿੱਗਣ ਲੱਗ ਗਈਆਂ। ਇਸ ਕਾਰਨ ਪਹਾੜੀ ਖੇਤਰ 'ਚ ਬਣੇ ਕਾਇਕ ਥਾਨ ਲਾਨ ਪੈਗੋਡਾ ਸਥਾਨ ਨੂੰ ਨੁਕਸਾਨ ਪੁੱਜਾ ਹੈ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਬੌਧ ਪਗੋਟਾ ਗੋਲਡਨ ਸਤੂਪ 'ਚ ਕੁੱਝ ਭਿਕਸ਼ੂ ਅਤੇ ਹੋਰ ਲੋਕ ਮਹਾਤਮਾ ਬੁੱਧ ਦੀਆਂ ਮੂਰਤੀਆਂ ਕੋਲ ਖਰਾਬ ਹੋਈ ਥਾਂ ਨੂੰ ਠੀਕ ਕਰ ਰਹੇ ਹਨ। ਇੱਥੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਹੜ੍ਹ ਕਾਰਨ 1000 ਲੋਕਾਂ ਨੂੰ ਮਾਵਾਲਮਾਈਨ 'ਚ ਵੱਖ-ਵੱਖ ਥਾਵਾਂ 'ਤੇ ਸ਼ਰਣ ਲੈਣੀ ਪਈ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਨੇ ਅਜਿਹੀ ਕੁਦਰਤੀ ਆਫਤ ਕਦੇ ਨਹੀਂ ਦੇਖੀ, ਇੱਥੇ ਬਹੁਤ ਬੁਰਾ ਹਾਲ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਮਾਵਾਲਮਾਈਨ 'ਚ ਕਈ ਘਰ ਬਰਬਾਦ ਹੋ ਗਏ ਅਤੇ 150 ਤੋਂ ਵਧੇਰੇ ਲੋਕਾਂ ਨੂੰ ਸਰਕਾਰੀ ਸਕੂਲਾਂ ਅਤੇ ਨੇੜਲੀਆਂ ਸੁਰੱਖਿਅਤ ਥਾਵਾਂ 'ਤੇ ਸ਼ਰਣ ਦਿੱਤੀ ਗਈ ਹੈ। ਘਰ ਅਤੇ ਪੁੱਲ ਟੁੱਟ ਜਾਣ ਕਾਰਨ ਥੋੜਾ ਜਿਹਾ ਰਸਤਾ ਵੱਖਰਾ ਹੋ ਗਿਆ ਹੈ। ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।  ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਤੇਜ਼ ਮੀਂਹ ਕਾਰਨ ਇੱਥੇ 5 ਲੋਕਾਂ ਦੀ ਮੌਤ ਹੋ ਗਈ ਸੀ। ਮਿਆਂਮਾਰ 'ਚ ਹੜ੍ਹ ਆਉਂਦੇ ਰਹਿੰਦੇ ਹਨ। 2015 'ਚ ਇੱਥੇ ਬਹੁਤ ਬੁਰੀ ਸਥਿਤੀ ਸੀ ਅਤੇ ਉਸ ਸਮੇਂ 100 ਲੋਕਾਂ ਦੀ ਮੌਤ ਹੋ ਗਈ ਸੀ ਤੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਸਨ।