ਨੇਪਾਲ ''ਚ ਜ਼ਮੀਨ ਖਿਸਕਣ ਕਾਰਣ 9 ਹਲਾਕ, 22 ਲਾਪਤਾ

09/13/2020 7:14:33 PM

ਕਾਠਮੰਡੂ: ਨੇਪਾਲ ਦੇ ਮੱਧ ਖੇਤਰ ਵਿਚ ਤਿੰਨ ਪਿੰਡਾਂ ਵਿਚ ਰਾਤ ਭਰ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਣ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਲੋਕ ਲਾਪਤਾ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 'ਮਾਈ ਰਿਪਬਲਿਕਾ' ਦੀ ਇਕ ਖਬਰ ਮੁਤਾਬਕ ਸ਼ਨੀਵਾਰ ਦੇਰ ਰਾਤ ਕਾਠਮੰਡੂ ਸ਼ਹਿਰ ਤੋਂ ਤਕਰੀਬਨ 120 ਕਿਲੋਮੀਟਰ ਪੂਰਬ ਵਿਚ ਸਿੰਧੂਪਾਲਚੌਕ ਜ਼ਿਲੇ ਵਿਚ ਲਗਾਤਾਰ ਮੀਂਹ ਦੇ ਵਿਚਾਲੇ ਨਾਗਪੁਜ, ਭਿਰਖਰਕਾ ਤੇ ਨੇਵਾਰ ਟੋਲੋ ਪਿੰਡਾਂ ਵਿਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਪਿੰਡ ਦੇ ਲੋਕ ਗਹਿਰੀ ਨੀਂਦ ਵਿਚ ਸਨ। 

ਜ਼ਿਲਾ ਪੁਲਸ ਦਫਤਰ ਦੇ ਮੁਖੀ ਰਾਜਨ ਅਧਿਕਾਰੀ ਨੇ ਦੱਸਿਆ ਕਿ ਸੱਤ ਲਾਸ਼ਾਂ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਦੋ ਲਾਸ਼ਾਂ ਭੋਟੇਕੋਸ਼ੀ ਤੇ ਸਨਕੋਸ਼ੀ ਨਦੀਆਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੀੜਤਾਂ ਦੀ ਪਛਾਣ ਕਰ ਲਈ ਗਈ ਹੈ। ਬਹਰਾਬਾਈਸ ਨਗਰਪਾਲਿਕਾ ਵਿਚ ਘੁਮਥਾਂਗ ਖੇਤਰ ਵਿਚ ਹੋਈ ਘਟਨਾ ਵਿਚ 22 ਲੋਕ ਲਾਪਤਾ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਣ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਤਿੰਨ ਪਿੰਡਾਂ ਵਿਚ 11 ਮਕਾਨ ਤਬਾਹ ਹੋ ਗਏ ਹਨ। ਰਾਹਤ ਤੇ ਬਚਾਅ ਮੁਹਿੰਮ ਲਈ ਨੇਪਾਲ ਫੌਜ, ਨੇਪਾਲ ਪੁਲਸ ਤੇ ਹਥਿਆਰਬੰਦ ਪੁਲਸ ਬਲ ਦੀ ਇਕ ਸੰਯੁਕਤ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ।

Baljit Singh

This news is Content Editor Baljit Singh