ਆਸਟ੍ਰੇਲੀਆ 'ਚ ਵੀ ਲੱਭ ਗਿਆ 'ਪੰਜਾਬ'

01/03/2018 2:06:04 PM

ਮੈਲਬੌਰਨ (ਏਜੰਸੀ)— ਪੰਜ+ਆਬ ਮਤਬਲ ਪੰਜ ਦਰਿਆਵਾਂ ਦੀ ਧਰਤੀ। ਭਾਰਤ ਹੀ ਨਹੀਂ ਸਗੋਂ ਕਿ ਆਸਟ੍ਰੇਲੀਆ 'ਚ ਵੀ ਪੰਜਾਬ ਵੱਸਿਆ ਹੋਇਆ ਹੈ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ 'ਚ ਵੀ ਪੰਜਾਬ ਲੱਭਿਆ ਗਿਆ ਹੈ, ਜਿੱਥੇ ਪੰਜ ਦਰਿਆ ਵਗਦੇ ਸਨ। ਇਹ ਇਲਾਕਾ ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਦੀ ਸਰਹੱਦ ਨੇੜੇ ਸਥਿਤ ਹੈ। 1880 'ਚ ਇਸ ਦਾ ਨਾਂ ਪੰਜਾਬ ਰੱਖਿਆ ਗਿਆ ਸੀ, ਕਿਉਂਕਿ ਇਹ ਵੀ ਪੰਜ ਦਰਿਆਵਾਂ ਦੀ ਧਰਤੀ ਰਹੀ ਹੈ। ਇਹ ਬਹੁਤ ਹੀ ਖੂਬਸੂਰਤ ਇਲਾਕਾ ਹੈ, ਜੋ ਕਿ ਲੱਗਭਗ 700 ਵਰਗ ਕਿਲੋਮੀਟਰ 'ਚ ਫੈਲਿਆ ਹੈ। ਆਸਟ੍ਰੇਲੀਆ ਦੇ ਪੰਜਾਬ 'ਚ ਲੋਗਨ, ਐਲਬਰਟ, ਪਿੰਪਨੀਆ, ਕੁਮੇਰਾ ਅਤੇ ਨੇਰੰਗ ਨਾਂ ਦੇ ਪੰਜ ਦਰਿਆ ਵਗਦੇ ਸਨ।
ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਦੇ ਤਰੁਣਪ੍ਰੀਤ ਸਿੰਘ ਨੇ ਇਸ ਗੱਲ ਨੂੰ ਸਾਂਝਾ ਕੀਤਾ ਹੈ। ਤਕਰੀਬਨ 140 ਸਾਲ ਹੋ ਗਏ ਹਨ, ਇਹ ਪੰਜਾਬ ਅਜੇ ਵੀ ਵੱਸਿਆ ਹੈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਇਸ ਪੰਜਾਬ 'ਚ ਤੁਸੀਂ ਬਿਨਾਂ ਜਹਾਜ਼ ਦੇ ਜਾ ਸਕਦੇ ਹੋ। ਤਰੁਣਪ੍ਰੀਤ ਨੇ ਦੱਸਿਆ ਕਿ ਇਹ ਸਾਡੇ ਭਾਈਚਾਰੇ ਲਈ ਨਵੇਂ ਸਾਲ ਦਾ ਤੋਹਫਾ ਹੈ। ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਿੱਖ ਇਤਿਹਾਸ ਨੇ ਆਸਟ੍ਰੇਲੀਆ 'ਚ ਆਪਣੀ ਮੌਜੂਦਗੀ ਦਾ ਸਬੂਤ ਦਿੱਤਾ ਹੈ, ਇਹ ਪੰਜਾਬ 1880 ਦੇ ਦਹਾਕੇ 'ਚ ਆਸਟ੍ਰੇਲੀਆ ਦੇ ਪ੍ਰਭਾਵ 'ਚ ਆਇਆ ਅਤੇ ਇਸ ਦਾ ਨਾਂ ਪੰਜਾਬ ਰੱਖ ਦਿੱਤਾ ਗਿਆ। 
ਸਿੰਘ ਨੇ ਦੱਸਿਆ ਕਿ ਇਹ ਗੱਲ ਸਾਫ ਹੈ ਕਿ ਕੁਈਨਜ਼ਲੈਂਡ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ 1800 ਦੇ ਦਹਾਕੇ 'ਚ ਸਿੱਖ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਕਾਫੀ ਖੂਬਸੂਰਤ ਹੈ, ਇੱਥੇ ਲੋਕ ਘੁੰਮਣ-ਫਿਰਨ ਲਈ ਆਉਂਦੇ ਸਨ, ਜਿੱਥੇ ਕਈ ਤਰ੍ਹਾਂ ਦੇ ਫਲਾਂ ਦੇ ਦਰੱਖਤ ਸਨ। ਦਿਲਚਸਪ ਗੱਲ ਇਹ ਹੈ ਇਲਾਕੇ ਦੇ ਆਲੇ-ਦੁਆਲੇ ਦੀਆਂ ਜੋ ਜਾਇਦਾਦ ਸਨ, ਉਨ੍ਹਾਂ ਦਾ ਨਾਂ 'ਅਲਮੋੜਾ' ਰੱਖਿਆ ਗਿਆ ਸੀ, ਜਿਨ੍ਹਾਂ ਦਾ ਸੰਬੰਧ ਆਸਟ੍ਰੇਲੀਆ ਦੇ ਪੰਜਾਬ ਅਤੇ ਭਾਰਤ ਦੇ ਪੰਜਾਬ ਨਾਲ ਹੈ। ਸਿੱਖ ਖੁਸ਼ ਹਨ ਕਿ ਉਨ੍ਹਾਂ ਨੂੰ ਆਸਟ੍ਰੇਲੀਆ 'ਚ ਵੀ ਆਪਣਾ ਪੰਜਾਬ ਮਿਲ ਗਿਆ।