ਟਰੰਪ ਦੇ ਮਾਡ਼ੇ ਪ੍ਰਬੰਧਾਂ ਕਾਰਨ ਮਰਨਗੇ ਲੱਖਾਂ ਅਮਰੀਕੀ : ਓਮਰ

04/04/2020 10:22:35 PM

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਦੇ ਪਾਜ਼ੇਟਿਵ ਕੇਸ ਦੀ ਗਿਣਤੀ 3 ਲੱਖ ਦੇ ਕਰੀਬ ਪਹੁੰਚ ਗਈ ਹੈ ਅਤੇ ਟਰੰਪ ਸਰਕਾਰ ਇਸ ਦੇ ਪ੍ਰਸਾਰ ਨੂੰ ਰੋਕਣ ਵਿਚ ਹੁਣ ਤੱਕ ਨਾਕਾਮ ਨਜ਼ਰ ਆਈ ਹੈ। ਵਿਸ਼ਵ ਸ਼ਕਤੀ ਅਮਰੀਕਾ ਕੋਰੋਨਾ ਦੀ ਲਪੇਟ ਵਿਚ ਫੱਸਦਾ ਹੀ ਜਾ ਰਿਹਾ ਹੈ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਰੋਧੀ ਸਾਂਸਦ ਅਤੇ ਮੇਅਰ ਨੇ ਉਨ੍ਹਾਂ ਦੇ ਮਾਡ਼ੇ ਪ੍ਰਬੰਧ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਟਰੰਪ ਦੀ ਗਲਤੀ ਨਾਲ ਲੱਖਾਂ ਨਿਰਦੋਸ਼ ਜ਼ਿੰਦਗੀਆਂ ਤਬਾਹ ਹੋ ਜਾਣਗੀਆਂ।

ਮਿਨੇਸੋਟਾ ਤੋਂ ਡੈਮੋਕ੍ਰੇਟ ਸਾਂਸਦ ਇਲਹਾਨ ਓਮਰ ਨੇ ਟਰੰਪ 'ਤੇ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਮਾਡ਼ੇ ਪ੍ਰਬੰਧ ਦੇ ਦੋਸ਼ ਲਗਾਏ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਟਰੰਪ ਕਾਰਨ ਦੇਸ਼ ਵਿਚ ਲੱਖਾਂ ਜਾਨਾਂ ਜਾਣਗੀਆਂ। ਇਕ ਅਮਰੀਕੀ ਟੀ. ਵੀ. ਨੂੰ ਇੰਟਰਵਿਊ ਦੌਰਾਨ ਓਮਰ ਨੇ ਆਖਿਆ ਕਿ ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ ਇਹ ਸਾਫ ਹੁੰਦਾ ਜਾ ਰਿਹਾ ਹੈ ਕਿ ਕਿਵੇਂ ਇਸ ਪ੍ਰਸ਼ਾਸਨ ਨੇ ਅਮਰੀਕੀ ਜਨਤਾ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਅਸੀਂ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਦੇ ਲੋਕ ਹਾਂ ਅਤੇ ਸਾਡੇ ਕੋਲ ਹਰ ਤਰ੍ਹਾਂ ਦੀ ਸੁਵਿਧਾ ਹੈ, ਫਿਰ ਵੀ ਲੱਖਾਂ ਲੋਕ ਇਸ ਮਾਡ਼ੇ ਪ੍ਰਬੰਧ ਅਤੇ ਉਨ੍ਹਾਂ ਦੀ ਅਯੋਗਤਾ ਕਾਰਨ ਮਰ ਸਕਦੇ ਹਨ।

ਕੋਰੋਨਾ ਨੂੰ ਘੱਟ ਖਤਰਾ ਮੰਨਣਾ ਵੱਡੀ ਗਲਤੀ
ਅਫਰੀਕੀ ਮੂਲ ਦੀ ਸਾਂਸਦ ਓਮਰ ਨੇ ਰਾਸ਼ਟਰਪਤੀ ਟਰੰਪ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਨੂੰ ਅਣਗੋਲਿਆ ਕਰਨਾ ਅਤੇ ਇਹ ਯਕੀਨਨ ਕਰਨ ਵਿਚ ਅਸਫਲ ਰਹੇ ਕਿ ਦੇਸ਼ ਵਿਚ ਲੋਡ਼ੀਂਦੇ ਟੈਸਟ ਹੋ ਰਹੇ ਹਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਟਰੰਪ ਨੇ ਬੇਹੱਦ ਸ਼ੁਰੂਆਤ ਵਿਚ ਦਾਅਵਾ ਕੀਤਾ ਸੀ ਕਿ ਅਮਰੀਕਾ ਕੋਰੋਨਾਵਾਇਰਸ ਨਾਲ ਨਜਿੱਠ ਲਵੇਗਾ, ਉਸ ਵੇਲੇ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਬਹੁਤ ਘੱਟ ਸਨ ਪਰ ਅੱਜ ਦੀ ਸਥਿਤੀ ਇਹ ਹੈ ਕਿ ਦੇਸ਼ ਵਿਚ 2,93,481 ਪਾਜ਼ੇਟਿਵ ਕੇਸ ਹਨ ਅਤੇ 7,896 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਗਲਤਫਹਿਮੀ ਦੀ ਸ਼ਿਕਾਰ ਸੀ ਸਰਕਾਰ
ਇਲਹਾਨ ਇਕੱਲੀ ਨਹੀਂ ਹੈ ਜਿਨ੍ਹਾਂ ਨੇ ਟਰੰਪ 'ਤੇ ਗਲਤ ਪ੍ਰਬੰਧ ਦੇ ਦੋਸ਼ ਲਗਾਏ ਹਨ। ਅਮਰੀਕਾ ਵਿਚ ਕੋਰੋਨਾ ਦਾ ਕੇਂਦਰ ਬਣ ਚੁੱਕੇ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਆਖਦੇ ਹਨ ਕਿ ਸਾਡੇ ਕੋਲ ਤਿਆਰੀ ਲਈ ਕਾਫੀ ਘੱਟ ਸਮਾਂ ਬਚਿਆ ਸੀ। ਡੇ ਬਲਾਸੀਓ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਵਾਸ਼ਿੰਗਟਨ ਇਹ ਮੰਨ ਕੇ ਬੈਠਿਆ ਸੀ ਕਿ ਸਾਡੇ ਕੋਲ ਤਿਆਰੀ ਲਈ ਕਾਫੀ ਹਫਤੇ ਹਨ। ਹਫਤੇ ਨਹੀਂ, ਸਿਰਫ ਦਿਨ ਰਹਿ ਗਏ ਸਨ। ਨਿਊਯਾਰਕ ਵਿਚ ਕੋਰੋਨਾਵਾਇਰਸ ਦੇ ਇਕ ਲੱਖ ਤੋਂ ਜ਼ਿਆਦਾ ਪਾਜ਼ੇਟਿਵ ਕੇਸ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 9-11 ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਤੋਂ ਜ਼ਿਆਦਾ ਹੋ ਗਈ ਹੈ, ਜੋ ਅਮਰੀਕਾ ਦੇ ਇਤਿਹਾਸ ਦੀ ਵੱਡੀ ਐਮਰਜੰਸੀ ਦੇ ਰੂਪ ਵਚ ਦਰਜ ਹੈ।

ਉਥੇ ਨਿਊਯਾਰਕ ਦੇ ਮੇਅਰ ਨੇ ਟਰੰਪ ਤੋਂ 1000 ਨਰਸਾਂ, 150 ਡਾਕਟਰਾਂ ਅਤੇ 130 ਰੈਸਪੀਰੇਟਰੀ ਥੈਰੇਪਿਸਟ ਦੀ ਮੰਗ ਕੀਤੀ ਹੈ। ਨਿਊਯਾਰਕ ਸ਼ਹਿਰ ਨੂੰ ਅਜੇ ਵੀ 3000 ਵੈਂਟੀਲੇਟਰ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੇ ਸ਼ਹਿਰ ਵਿਚ ਫੌਜ ਦੇ ਮੈਡੀਕਲ ਕਰਮੀਆਂ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਉਹ ਐਕਸ਼ਨ ਦੇ ਲਈ ਨਹੀਂ ਲਗਾਏ ਹਨ। ਰਾਸ਼ਟਰਪਤੀ ਨੂੰ ਆਰਡਰ ਦੇਣਾ ਹੋਵੇਗਾ।


Khushdeep Jassi

Content Editor

Related News