ਵੁਹਾਨ ਵਰਗੀ ਲੈਬ ਹਰ ਸੂਬੇ ਵਿਚ ਖੋਲਣ ਜਾ ਰਿਹੈ ਚੀਨ

05/21/2020 7:30:54 PM

ਬੀਜ਼ਿੰਗ - ਚੀਨ ਨੇ ਆਪਣੇ ਹਰ ਸੂਬੇ ਵਿਚ ਇਕ ਪੀ-3 ਰੀਸਰਚ ਲੈਬ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੇਸ਼ ਵਿਚ ਮਹਾਮਾਰੀ ਰੋਕਣ ਦੀ ਸਮਰੱਥਾ ਨੂੰ ਬਿਹਤਰ ਕੀਤਾ ਜਾ ਸਕੇ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕੀਤੀ ਜਾ ਸਕੇ। ਪੀ-3 ਲੈਬ ਬਾਇਓਲਾਜ਼ਿਕਲ ਸੇਫਟੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੁੰਦੀ ਹੈ ਅਤੇ ਅਜਿਹੇ ਖਤਰਨਾਕ ਪੈਥੋਜੰਸ ਨੂੰ ਸਟੱਡੀ ਕਰਨ ਲਈ ਬਣਾਈ ਜਾਂਦੀ ਹੈ, ਜਿਸ ਨਾਲ ਹਵਾ ਵਿਚ ਫੈਲਣ ਵਾਲੀਆਂ ਖਤਰਨਾਕ ਜਾਂ ਜਾਨਲੇਵਾ ਬੀਮਾਰੀਆਂ ਹੋਣ ਦਾ ਖਤਰਾ ਹੋਵੇ।

ਚੀਨ ਨੇ ਇਹ ਫੈਸਲਾ ਵੁਹਾਨ ਲੈਬ ਤੋਂ ਦਸੰਬਰ ਵਿਚ ਕੋਰੋਨਾਵਾਇਰਸ ਮਹਾਮਾਰੀ ਫੈਲਣ ਦੇ ਸ਼ੱਕ ਵਿਚਾਲੇ ਲਿਆ ਹੈ। ਵੁਹਾਨ ਦੇ ਵਾਇਰਲਾਜ਼ੀ ਇੰਸਟੀਚਿਊਟ ਵਿਚ ਪੀ-3 ਅਤੇ ਪੀ-4 ਦੋਹਾਂ ਲੈਵਲ ਦੀਆਂ ਲੈਬਾਂ ਹਨ। ਹਰ ਸੂਬੇ ਵਿਚ ਪੀ-3 ਲੈਬ ਬਣਾਉਣ ਦਾ ਫੈਸਲਾ ਨੈਸ਼ਨਲ ਡਿਵੈਲਪਮੈਂਟ ਐਂਡ ਰਿਫਾਰਮ ਕਮਿਸ਼ਨ ਨੇ ਬੁੱਧਵਾਰ ਨੂੰ ਕੀਤਾ। ਇਥੇ ਯਲੋ ਫੀਵਰ ਵਾਇਰਸ ਅਤੇ ਵੈਸਟ ਨੀਲ ਵਾਇਰਸ ਜਿਹੇ ਏਜੰਟਸ ਨੂੰ ਰੱਖਿਆ ਜਾ ਸਕੇਗਾ।

ਇਸ ਲਈ ਖੋਲਣ ਜਾ ਰਹੇ ਲੈਬ
ਚੀਨ ਨੇ ਵੁਹਾਨ ਵਿਚ ਪੀ-4 ਲੈਬ ਬਣਾਉਣ ਤੋਂ ਪਹਿਲਾਂ ਸਾਰਸ ਕੋਰੋਨਾਵਾਇਰਸ ਨੂੰ ਪੀ-3 ਲੈਬ ਵਿਚ ਸਟੱਡੀ ਕੀਤਾ ਸੀ। ਕੇਂਦਰ ਦੀ ਸਰਕਾਰ ਦਾ ਕੋਰੋਨਾਵਾਇਰਸ 'ਤੇ ਆਖਣਾ ਹੈ ਕਿ ਮਹਾਮਾਰੀ ਨੇ ਚੀਨ ਦੀ ਵਾਇਰਸ ਰੋਕਣ ਅਤੇ ਕੰਟਰੋਲ ਕਰਨ ਦੀ ਸਮਰੱਥਾ ਦੀ ਪੋਲ ਖੋਲ ਦਿੱਤੀ ਹੈ। ਇਸ ਲਈ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਸਰਦਾਰ ਸ਼ੀਲਡ ਬਣਾਉਣ ਦੀ ਜ਼ਰੂਰਤ ਹੈ। ਇਸ ਲਈ ਪੀ-3 ਲੈਬ ਖੋਲਣ ਦਾ ਫੈਸਲਾ ਕੀਤਾ ਗਿਆ ਹੈ।

ਕਿਵੇਂ ਰੋਕੀ ਜਾਵੇ ਮਹਾਮਾਰੀ
ਇਸ ਪਲਾਨ ਮੁਤਾਬਕ, ਹਰ ਸ਼ਹਿਰ ਨੂੰ ਪੀ-2 ਲੈਬ ਵੀ ਮਿਲੇਗੀ ਜਿਥੇ ਘੱਟ ਗੰਭੀਰ ਇੰਫੈਕਸ਼ੀਅਸ ਵਾਇਰਸਾਂ ਦੀ ਸਟੱਡੀ ਕੀਤੀ ਜਾਵੇਗੀ। ਇਸ ਪਲਾਨ ਵਿਚ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਰਾਸ਼ਟਰੀ ਪੱਧਰ ਦੇ ਹਸਪਤਾਲਾਂ ਵਿਚ ਇਲਾਜ ਦੀ ਸਮਰੱਥਾ ਕਿਵੇਂ ਵਧਾਈ ਜਾ ਸਕਦੀ ਹੈ। ਨਾਲ ਹੀ ਨੈੱਟਵਰਕ ਦੇ ਵਿਕਾਸ ਅਤੇ ਮਹਾਮਾਰੀ ਨਾਲ ਨਜਿੱਠਣ ਅਤੇ ਮੈਡੀਕਲ ਬੇਸ ਨੂੰ ਸਹੀ ਕਰਨ ਦੇ ਤਰੀਕੇ ਦੱਸੇ ਗਏ ਹਨ।

ਵੁਹਾਨ ਲੈਬ, ਵੇਟ ਮਾਰਕਿਟ 'ਤੇ ਦੋਸ਼
ਕੋਰੋਨਾਵਾਇਰਸ ਦੇ ਫੈਲਣ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਚੀਨ ਦੀ ਨਿੰਦਾ ਕਰਦੇ ਰਹੇ ਹਨ। ਚੀਨ 'ਤੇ ਵਾਇਰਸ ਦੀ ਜਾਣਕਾਰੀ ਲੁਕਾਉਣ ਅਤੇ ਖੁਦ ਦੇਰ ਨਾਲ ਨਜਿੱਠਣ ਦੇ ਦੋਸ਼ ਲੱਗਦੇ ਆ ਰਹੇ ਹਨ। ਵਾਇਰਸ ਕਿਵੇਂ ਫੈਲਿਆ, ਇਸ ਨੂੰ ਲੈ ਕੇ ਹੁਣ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ ਪਰ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸ਼ੱਕ ਜਤਾਇਆ ਹੈ ਕਿ ਵੁਹਾਨ ਦੀ ਲੈਬ ਤੋਂ ਵਾਇਰਸ ਬਾਹਰ ਨਿਕਲਿਆ ਅਤੇ ਫਿਰ ਵੁਹਾਨ ਦੀ ਵੇਟ ਮਾਰਕਿਟ ਵਿਚ ਜੰਗਲੀ ਜਾਨਵਰਾਂ ਦੇ ਜ਼ਰੀਏ ਇਨਸਾਨਾਂ ਤੱਕ ਪਹੁੰਚਿਆ। ਹਾਲਾਂਕਿ, ਇਨ੍ਹਾਂ ਵਿਚੋਂ ਕਿਸੇ ਵੀ ਦਾਅਵੇ ਨੂੰ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ।

Khushdeep Jassi

This news is Content Editor Khushdeep Jassi