ਲਾ ਟਰੋਬ ਯੂਨੀਵਰਸਿਟੀ ਮੈਲਬੌਰਨ ਬਣ ਗਈ ਸੈਕਸ ਸ਼ੋਸ਼ਣ ਦਾ ਅੱਡਾ

08/02/2017 4:17:47 PM

ਮੈਲਬੌਰਨ, (ਜੁਗਿੰਦਰ ਸੰਧੂ)— ਵਿਕਟੋਰੀਆ ਦੇ ਮਹਾਨਗਰ ਮੈਲਬੌਰਨ 'ਚ ਸਥਿਤ ਲਾ ਟਰੋਬ ਯੂਨੀਵਰਸਿਟੀ ਸੈਕਸ ਸ਼ੋਸ਼ਣ ਦਾ ਅੱਡਾ ਬਣਦੀ ਜਾ ਰਹੀ ਹੈ। ਇਸ ਵਿਦਿਅਕ ਸੰਸਥਾ ਦੇ ਹਰ ਤੀਜੇ ਵਿਦਿਆਰਥੀ ਨਾਲ ਸੈਕਸ ਸੋਸ਼ਣ ਹੁੰਦਾ ਹੈ। ਇਸ ਸੰਬੰਧ 'ਚ ਪਿਛਲੇ ਦਿਨੀਂ ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਵਲੋਂ ਕੀਤੇ ਗਏ ਇਕ ਸਰਵੇ 'ਚ ਕਿਹਾ ਗਿਆ ਹੈ ਕਿ ਲਾ ਟਰੋਬ ਯੂਨੀਵਰਸਿਟੀ 'ਚ ਵਾਪਰੇ ਸੈਕਸ ਸ਼ੋਸ਼ਣ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ।
ਕਮਿਸ਼ਨ ਵਲੋਂ ਪੂਰੇ ਦੇਸ਼ ਦੀਆਂ ਵੱਖ-ਵੱਖ 39 ਯੂਨੀਵਰਸਿਟੀਆਂ ਨਾਲ ਸੰਬੰਧਤ 31 ਹਜ਼ਾਰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਸੀ। ਇਨ੍ਹਾਂ ਵਿਚ 947 ਵਿਦਿਆਰਥੀ ਲਾ ਟਰੋਬ ਯੂਨੀਵਰਸਿਟੀ ਨਾਲ ਸੰਬੰਧਤ ਸਨ। ਇਨ੍ਹਾਂ 'ਚੋਂ 300 ਦੇ ਕਰੀਬ ਸੈਕਸ ਸ਼ੋਸ਼ਣ ਦੇ ਸ਼ਿਕਾਰ ਹੋਏ ਸਨ। ਸਰੀਰਕ ਛੇੜਛਾੜ ਦੇ 30 ਫੀਸਦੀ ਮਾਮਲੇ ਯੂਨੀਵਰਸਿਟੀ ਦੇ ਵਿਚ ਹੀ ਵਾਪਰੇ ਜਦੋਂ ਕਿ 24 ਫੀਸਦੀ ਨੂੰ ਆਉਣ-ਜਾਣ ਲੱਗਿਆਂ ਪਰੇਸ਼ਾਨ ਹੋਣਾ ਪਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੌਨ ਡੇਵਰ ਦਾ ਕਹਿਣਾ ਹੈ ਕਿ ਸੈਕਸ ਸ਼ੋਸ਼ਣ ਦੀ ਰਿਪੋਰਟ ਚਿੰਤਾਜਨਕ ਹੈ ਪਰ ਯੂਨੀਵਰਸਿਟੀ ਇਨ੍ਹਾਂ ਤੱਥਾਂ ਤੋਂ ਸਬਕ ਸਿੱਖੇਗੀ ਅਤੇ ਸਥਿਤੀ ਨੂੰ ਆਮ ਵਰਗੀ ਬਣਾਉਣ ਲਈ ਕੋਸ਼ਿਸ਼ ਕਰੇਗੀ।