ਜਾਪਾਰੋਵ ਬਣੇ ਕਿਰਗਿਸਤਾਨ ਦੇ ਰਾਸ਼ਟਰਪਤੀ, ਜੇਲ੍ਹ ਤੋਂ ਰਿਹਾਅ ਹੁੰਦਿਆਂ ਮਿਲੀ ਕੁਰਸੀ

01/28/2021 5:42:25 PM

ਬਿਸ਼ਕੇਕ- ਰਾਸ਼ਟਰਵਾਦੀ ਨੇਤਾ ਸਾਦਿਰ ਜਾਪਾਰੋਵ ਵੀਰਵਾਰ ਨੂੰ ਮੱਧ ਏਸ਼ੀਆਈ ਦੇਸ਼ ਕਿਰਗਿਸਤਾਨ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਨ੍ਹਾਂ ਨੂੰ ਭਾਰੀ ਜਿੱਤ ਮਿਲੀ ਹੈ। ਪਿਛਲੇ ਸਾਲ ਅਕਤੂਬਰ ਵਿਚ ਕਿਰਗਿਸਤਾਨ ਦੇ ਰਾਸ਼ਟਰਪਤੀ ਸੂਰੋਨਬਈ ਜੀਨਬੇਕੋਵ ਦੇ ਸੱਤਾ ਤੋਂ ਹਟਣ ਦੇ ਬਾਅਦ ਦੇਸ਼ ਵਿਚ ਚੋਣਾਂ ਕਰਵਾਈਆਂ ਗਈਆਂ। ਸੂਰੋਨਬਈ ਨੂੰ ਅਹੁਦੇ ਤੋਂ ਹਟਾਉਣ ਲਈ ਅੰਦੋਲਨਾਂ ਦੇ ਸਮੇਂ ਜਾਪਾਰੋਵ ਜੇਲ੍ਹ ਤੋਂ ਰਿਹਾਅ ਹੋਏ ਸਨ। 

ਦੇਸ਼ ਵਿਚ ਵਿਵਾਦਤ ਸੰਸਦੀ ਚੋਣਾਂ ਦੇ ਬਾਅਦ ਤੋਂ ਹੀ ਵਿਰੋਧ ਚੱਲ ਰਿਹਾ ਸੀ। ਉਨ੍ਹਾਂ ਚੋਣਾਂ ਵਿਚ ਸਰਕਾਰ ਸਮਰਥਤ ਪਾਰਟੀਆਂ ਦੀ ਜਿੱਤ ਹੋਈ ਸੀ। ਵਿਰੋਧੀ ਪੱਖ ਦੀਆਂ ਪਾਰਟੀਆਂ ਨੇ ਵੋਟਾਂ ਨਾਲ ਛੇੜਛਾੜ ਦਾ ਦੋਸ਼ ਲਗਾਉਂਦੇ ਹੋਏ ਰਾਸ਼ਟਰਪਤੀ ਸੂਰੋਨਬਈ ਜੀਨਵਬੇਕੋਵ ਨੂੰ 15 ਅਕਤੂਬਰ ਨੂੰ ਅਹੁਦੇ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਸੀ। ਦੱਸ ਦਈਏ ਕਿ ਜਾਪਾਰੋਵ ਇਕ ਖੇਤਰੀ ਗਵਰਨਰ ਦੇ ਅਗਵਾ ਹੋਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਸਨ, ਜਿਸ ਦੇ ਬਾਅਦ ਉਨ੍ਹਾਂ ਨੂੰ 2017 ਵਿਚ ਜੇਲ੍ਹ ਦੀ ਸਜ਼ਾ ਹੋਈ ਸੀ। 

ਜਾਪਾਰੋਵ ਨੇ ਆਪਣੀ ਰਿਹਾਈ ਦੇ ਤਤਕਾਲ ਬਾਅਦ ਰਾਸ਼ਟਰਪਤੀ ਸੂਰੋਨਬਈ ਜੀਨਬੇਕੋਵ ਨੂੰ ਅਹੁਦੇ ਤੋਂ ਹਟਾਉਣ ਲਈ ਸਮਰਥਕਾਂ ਨੂੰ ਇਕਜੁੱਟ ਕੀਤਾ ਅਤੇ ਦੇਸ਼ ਦੇ ਅੰਤਰਿਮ ਨੇਤਾ ਦੇ ਤੌਰ 'ਤੇ ਸੱਤਾ ਸੰਭਾਲੀ। ਹਾਲ ਹੀ ਵਿਚ ਚੋਣਾਂ ਨਾਲ ਹੀ ਹੋਏ ਇਕ ਜਨਮਤ ਸੰਗ੍ਰਹਿ ਵਿਚ 81 ਫ਼ੀਸਦੀ ਵੋਟਰਾਂ ਨੇ ਰਾਸ਼ਟਰਪਤੀ ਅਹੁਦੇ ਦੀਆਂ ਸ਼ਕਤੀਆਂ ਮਜ਼ਬੂਤ ਕਰਨ ਦਾ ਸਮਰਥਨ ਕੀਤਾ। ਜਾਪਾਰੋਵ ਨੇ ਕਿਹਾ ਸੀ ਕਿ ਉਹ ਸੰਵਿਧਾਨਕ ਬਦਲਾਅ ਦਾ ਖਰੜਾ ਤਿਆਰ ਕਰਨ 'ਤੇ ਅੱਗੇ ਵਧਣਗੇ, ਜਿਸ ਦੇ ਕੁਝ ਮਹੀਨੇ ਵਿਚ ਇਕ ਹੋਰ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ। 

Lakhan Pal

This news is Content Editor Lakhan Pal