ਪਾਕਿਸਤਾਨ ਦੇ ਕਰਾਚੀ 'ਚ ਭਾਰੀ ਮੀਂਹ ਕਾਰਨ 3 ਲੋਕਾਂ ਦੀ ਮੌਤ

09/28/2019 10:54:04 AM

ਕਰਾਚੀ—ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਭਾਰੀ ਮੀਂਹ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਕਰਾਚੀ 'ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਓਰਾਂਗੀ ਖੇਤਰ 'ਚ ਮੌਤ ਹੋਈ। ਭਾਰੀ ਮੀਂਹ ਕਾਰਨ ਸ਼ਹਿਰ 'ਚ ਜਨ ਜੀਵਨ ਪ੍ਰਭਾਵਿਤ ਹੋਇਆ ਅਤੇ ਕਈ ਸੜਕਾਂ 'ਤੇ ਪਾਣੀ ਭਰ ਗਿਆ ਹੈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਮੀਂਹ ਕਾਰਨ ਸ਼ਹਿਰ ਦੇ ਮਹੱਤਵਪੂਰਣ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਵੀ ਬੰਦ ਰਹੀ। ਕਰਾਚੀ ਬਿਜਲੀ ਸਪਲਾਈ ਕਾਰਪੋਰੇਸ਼ਨ ਦੇ 350 ਤੋਂ ਵਧੇਰੇ ਫੀਡਰ ਠੱਪ ਹੋ ਗਏ, ਜਿਸ ਕਾਰਨ ਅਜੀਜਾਬਾਦ, ਨਿਊ ਕਰਾਚੀ, ਉੱਤਰੀ ਨਾਜ਼ਿਮਾਬਾਦ, ਗੁਲਿਸਤਾਨ ਏ-ਜੌਹਰ ਅਤੇ ਹੋਰ ਇਲਾਕਿਆਂ 'ਚ ਬਿਜਲੀ ਸਪਲਾਈ ਬੰਦ ਰਹੀ। ਮੁੱਖ ਮੌਸਮ ਵਿਗਿਆਨੀ ਨੇ ਕਿਹਾ ਕਿ ਹਾਲ ਹੀ 'ਚ ਬਰਸਾਤ ਦੌਰਾਨ ਵੀ ਕਰਾਚੀ 'ਚ ਕਾਫੀ ਜ਼ਿਆਦਾ ਮੀਂਹ ਪਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਦੌਰਾਨ ਕਰਾਚੀ 'ਚ 130 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।