ਲਾਹੌਰ ਦੇ ਮਹਾਰਾਜਾ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਤੋਹਫੇ ''ਚ ਨਹੀਂ, ਦਬਾਅ ''ਚ ਦਿੱਤਾ ਸੀ ਕੋਹੀਨੂਰ

10/16/2018 5:26:43 PM

ਲੰਡਨ (ਏਜੰਸੀ)- ਦੁਨੀਆ ਭਰ ਵਿਚ ਮਸ਼ਹੂਰ ਕੋਹੀਨੂਰ ਹੀਰਾ ਨਾ ਤਾਂ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ ਅਤੇ ਨਾ ਹੀ ਚੋਰੀ ਹੋਇਆ ਸੀ, ਸਗੋਂ ਲਾਹੌਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਹੀਰਾ ਦਬਾਅ ਵਿਚ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਸਾਹਮਣੇ ਸਰੰਡਰ ਕਰਨਾ ਪਿਆ ਸੀ। ਇਹ ਖੁਲਾਸਾ ਇਕ ਆਰ.ਟੀ.ਆਈ. ਦੇ ਜਵਾਬ ਵਿਚ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ (ਏ.ਐਸ.ਆਈ.) ਨੇ ਕੀਤਾ ਹੈ।

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਏ.ਐਸ.ਆਈ. ਨੇ ਜਵਾਬ ਲਈ ਲਾਹੌਰ ਸੰਧੀ ਦਾ ਜ਼ਿਕਰ ਕੀਤਾ। ਇਸ ਵਿਚ ਦੱਸਿਆ ਗਿਆ ਹੈ ਕਿ 1849 ਵਿਚ ਈਸਟ ਇੰਡੀਆ ਕੰਪਨੀ ਦੇ ਲਾਰਡ ਡਲਹੌਜੀ ਅਤੇ ਮਹਾਰਾਜਾ ਦਲੀਪ ਸਿੰਘ ਵਿਚਾਲੇ ਸੰਧੀ ਹੋਈ ਸੀ। ਇਸ ਵਿਚ ਮਹਾਰਾਜਾ ਤੋਂ ਕੋਹੀਨੂਰ ਸਰੰਡਰ ਕਰਨ ਲਈ ਕਿਹਾ ਗਿਆ ਸੀ। ਏ.ਐਸ.ਆਈ. ਨੇ ਸਾਫ ਕੀਤਾ ਹੈ ਕਿ ਸੰਧੀ ਦੌਰਾਨ ਦਲੀਪ ਸਿੰਘ (ਜੋ ਕਿ ਉਸ ਵੇਲੇ ਸਿਰਫ 9 ਸਾਲ ਦੇ ਸਨ) ਨੇ ਆਪਣੀ ਮਰਜ਼ੀ ਨਾਲ ਮਹਾਰਾਣੀ ਨੂੰ ਹੀਰਾ ਭੇਟ ਨਹੀਂ ਕੀਤਾ ਸੀ, ਸਗੋਂ ਉਨ੍ਹਾਂ ਤੋਂ ਜਬਰਦਸਤੀ ਲਿਆ ਗਿਆ ਸੀ।

2016 ਵਿਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕੋਹੀਨੂਰ ਹੀਰਾ ਨਾ ਤਾਂ ਅੰਗਰੇਜ਼ਾਂ ਨੇ ਜਬਰਦਸਤੀ ਲਿਆ ਸੀ ਅਤੇ ਨਾ ਹੀ ਇਹ ਚੋਰੀ ਹੋਇਆ ਸੀ। ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਨੇ ਐਂਗਲੋ ਸਿੱਖ ਜੰਗ ਦੇ ਖਰਚ ਬਦਲੇ ਖੁਦ ਦੀ ਇੱਛਾ ਨਾਲ ਮੁਆਵਜ਼ੇ ਵਜੋਂ ਅੰਗਰੇਜ਼ਾਂ ਨੂੰ ਕੋਹੀਨੂਰ ਭੇਟ ਕੀਤਾ ਸੀ। ਕੋਹੀਨੂਰ 'ਤੇ ਜਾਣਕਾਰੀ ਲਈ ਵਰਕਰ ਰੋਹਿਤ ਸਭਰਵਾਲ ਨੇ ਆਰ.ਟੀ.ਆਈ. ਪਾਈ ਸੀ। ਉਨ੍ਹਾਂ ਨੇ ਇਸ ਦਾ ਜਵਾਬ ਪ੍ਰਧਾਨ ਮੰਤਰੀ ਦਫਤਰ (ਪੀ.ਐਮ.ਓ.) ਤੋਂ ਮੰਗਿਆ ਸੀ। ਆਰ.ਟੀ.ਆਈ. ਵਿਚ ਪੁੱਛਿਆ ਸੀ ਕਿ ਆਖਿਰ ਕਿਸ ਆਧਾਰ 'ਤੇ ਕੋਹੀਨੂਰ ਬ੍ਰਿਟੇਨ ਨੂੰ ਦਿੱਤਾ ਗਿਆ। ਪੀ.ਐਮ.ਓ. ਨੇ ਉਨ੍ਹਾਂ ਦੀ ਅਪੀਲ ਭਾਰਤੀ ਪੁਰਾਤਤਵ ਸਰਵੇਖਣ ਨੂੰ ਭੇਜ ਦਿੱਤੀ। ਆਰ.ਟੀ.ਆਈ. ਐਕਟ ਮੁਤਾਬਕ ਇਕ ਲੋਕ ਅਥਾਰਿਟੀ ਜਾਣਕਾਰੀ ਲਈ ਆਰ.ਟੀ.ਆਈ. ਨੂੰ ਦੂਜੀ ਅਥਾਰਟੀ ਕੋਲ ਟਰਾਂਸਫਰ ਕਰ ਸਕਦਾ ਹੈ।