ਹਾਂਗਕਾਂਗ ’ਚ ਮਾਰਚ ਦੀ ਤਿਆਰੀ ਕਰ ਰਹੇ ਲੋਕਤੰਤਰ ਸਮਰਥਕ ਨੂੰ ਚਾਕੂ ਮਾਰਿਆ

10/20/2019 7:28:02 PM

ਹਾਂਗਕਾਂਗ (ਏ. ਪੀ.)-ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਨਾਲ ਪਰਚੇ ਵੰਡ ਰਹੇ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਹ ਘਟਨਾ ਅਜਿਹੇ ਸਮੇਂ ਹੋਈ, ਜਦ ਹਾਂਗਕਾਂਗ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਐਤਵਾਰ ਨੂੰ ਬਿਨਾਂ ਇਜਾਜ਼ਤ ਮਾਰਚ ਕੱਢਣ ਦੀ ਤਿਆਰੀ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਚਾਕੂ ਨਾਲ ਹਮਲਾ ਕਰਕੇ 19 ਸਾਲਾ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ ’ਚ ਸ਼ਨੀਵਾਰ 22 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਣਯੋਗ ਹੈ ਕਿ ਹਾਂਗਕਾਂਗ ’ਚ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਹਿੰਸਕ ਹੁੰਦੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਅਮਰੀਕੀ ਅਤੇ ਬ੍ਰਿਟਿਸ਼ ਝੰਡੇ ਲਹਿਰਾਏ ਅਤੇ ਬਾਹਰ ਤੋਂ ਮਦਦ ਦੀ ਮੰਗ ਕੀਤੀ।
ਲੋਕਤੰਤਰ ਸਮਰਥਕ ਵਰਕਰ ’ਤੇ ਹਮਲੇ ਤੋਂ ਬਾਅਦ ਪੁਲਸ ਦੇ ਆਦੇਸ਼ ਦੀ ਉਲੰਘਣਾ
ਹਾਂਗਕਾਂਗ ’ਚ 2 ਲੋਕਤੰਤਰ ਸਮਰਥਕ ਵਰਕਰਾਂ ਦੀ ਕੁੱਟ-ਮਾਰ ਅਤੇ ਚਾਕੂ ਦੇ ਹਮਲੇ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਪੁਲਸ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਮਾਰਚ ਕੱਢਿਆ। ਪ੍ਰਸ਼ਾਸਨ ਨੇ ਸਗਨ ਬਾਜ਼ਾਰ, ਲਗਜ਼ਰੀ ਬੁਟੀਕ ਅਤੇ ਹੋਟਲਾਂ ਵਾਲੇ ਜ਼ਿਲੇ ਤਿਸਮ ਸ਼ਾ ਤਸੁਈ ’ਚ ਪ੍ਰਦਰਸ਼ਨ ਕਰਨ ’ਤੇ ਰੋਕ ਲਾਈ ਸੀ ਪਰ ਇਸ ਦੇ ਬਾਵਜੂਦ ਹਜ਼ਾਰਾਂ ਲੋਕ ਪ੍ਰਦਰਸ਼ਨ ’ਚ ਸ਼ਾਮਿਲ ਹੋਏ। ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅ ਉਸ ਸਮੇਂ ਹੋਰ ਵੱਧ ਗਿਆ, ਜਦ ਹਫਤੇ ਦੇ ਅਖੀਰ ’ਚ ਪ੍ਰਦਰਸ਼ਨ ਦਾ ਆਯੋਜਨ ਕਰ ਰਹੇ ਸਮੂਹ ਦੇ ਨੇਤਾ ਜਿੰਮੀ ਸ਼ਾਮ ’ਤੇ ਬੁੱਧਵਾਰ ਨੂੰ ਕੁਝ ਲੋਕਾਂ ਨੇ ਹਥੌੜਿਆਂ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ।

Sunny Mehra

This news is Content Editor Sunny Mehra