ਕਿਰਿਬਾਤੀ ''ਚ ਇਨਸਾਨਾਂ ਦੀ ਪਿੱਠ ''ਤੇ ਤੁਰੇ ਚੀਨੀ ਰਾਜਦੂਤ, ਤਸਵੀਰ ਵਾਇਰਲ

08/21/2020 6:31:20 PM

ਤਰਾਵਾ (ਬਿਊਰੋ): ਆਪਣੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਚੀਨ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਨਿਸ਼ਾਨੇ 'ਤੇ ਹੈ। ਹੁਣ ਇਕ ਹੋਰ ਮਾਮਲੇ ਕਾਰਨ ਪੂਰੀ ਦੁਨੀਆ ਵਿਚ ਚੀਨ ਦੀ ਆਲੋਚਨਾ ਹੋ ਰਹੀ ਹੈ। ਅਸਲ ਵਿਚ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਜਿਹੇ ਟਾਪੂ ਕਿਰਿਬਾਤੀ ਵਿਚ ਚੀਨੀ ਰਾਜਦੂਤ ਦੇ ਲੋਕਾਂ ਦੀ ਪਿੱਠ 'ਤੇ ਤੁਰਨ ਨਾਲ ਦੁਨੀਆ ਭਰ ਵਿਚ ਬਖੇੜਾ ਖੜ੍ਹਾ ਹੋ ਗਿਆ ਹੈ। ਚੀਨ ਦੇ ਰਾਜਦੂਤ ਤਾਂਗ ਸੋਨਗੇਨ ਦੇ ਸਵਾਗਤ ਦੇ ਲਈ ਇਨਸਾਨਾਂ ਨੂੰ 'ਰੈੱਡ ਕਾਰਪੇਟ' ਬਣਾਉਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰੀਕਾ ਦੇ ਇਕ ਸੀਨੀਅਰ ਰਾਜਦੂਤ ਨੇ ਚੀਨੀ ਰਾਜਦੂਤ ਦੇ ਇਸ ਵਿਵਹਾਰ 'ਤੇ ਸਵਾਲ ਖੜ੍ਹਾ ਕੀਤਾ ਅਤੇ ਕਿਹਾ ਕਿ ਸਿਵਲ ਸਮਾਜ ਵਿਚ ਇਸ ਤਰ੍ਹਾਂ ਦਾ ਵਿਵਹਾਰ ਅਸਵੀਕਾਰਯੋਗ ਹੈ।

ਉੱਧਰ ਅਮਰੀਕਾ ਦੀ ਆਲੋਚਨਾ ਦੇ ਬਾਅਦ ਚੀਨ ਭੜਕ ਪਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹਨਾਂ ਦਾ ਰਾਜਦੂਤ ਰਵਾਇਤੀ ਸਵਾਗਤ ਸਮਾਰੋਹ ਵਿਚ ਹਿੱਸਾ ਲੈ ਰਿਹਾ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਨ ਨੇ ਕਿਹਾ ਕਿ ਕਿਰਿਬਾਤੀ ਦੀ ਸਥਾਨਕ ਸਰਕਾਰ ਅਤੇ ਇੱਥੋਂ ਦੇ ਲੋਕਾਂ ਦੀ ਅਪੀਲ 'ਤੇ ਚੀਨੀ ਰਾਜਦੂਤ ਸਥਾਨਕ ਸੰਸਕ੍ਰਿਤੀ ਅਤੇ ਪਰੰਪਰਾ ਨਿਭਾਉਣ ਲਈ ਇਨਸਾਨਾਂ ਦੀ ਪਿੱਠ 'ਤੇ ਤੁਰੇ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਗੁਆਂਢੀ ਦੇਸ਼ 'ਚ ਚੀਨ ਵੱਲੋਂ ਕੋਰੋਨਾ ਵੈਕਸੀਨ ਦਾ ਪਰੀਖਣ, ਪਿਆ ਬਖੇੜਾ

30 ਲੋਕ ਰੈੱਡ ਕਾਰਪੇਟ ਵਾਂਗ ਜ਼ਮੀਨ 'ਤੇ ਲੇਟੇ
ਝਾਓ ਨੇ ਕਿਹਾ ਕਿ ਕੁਝ ਲੋਕ ਇਸ ਘਟਨਾ ਦੇ ਜ਼ਰੀਏ ਕਿਰਿਬਾਤੀ ਅਤੇ ਚੀਨ ਦੇ ਰਿਸ਼ਤਿਆਂ ਨੂੰ ਖਰਾਬ ਕਰਨਾ ਚਾਹੁੰਦੇ ਹਨ ਪਰ ਉਹ ਸਫਲ ਨਹੀਂ ਹੋਣਗੇ। ਇੱਥੇ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਚੀਨੀ ਰਾਜਦੂਤ ਦੇ ਬੱਚਿਆਂ ਅਤੇ ਪੁਰਸ਼ਾਂ ਦੀ ਪਿੱਠ 'ਤੇ ਤੁਰਨ ਦੀ ਤਸਵੀਰ ਵਾਇਰਲ ਹੈ। ਇਸ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਸਫੇਦ ਕਮੀਜ਼ ਅਤੇ ਭੂਰੇ ਰੰਗ ਦੀ ਪੈਂਟ ਪਹਿਨੇ ਵਿਅਕਤੀ ਕਰੀਬ 30 ਲੋਕਾਂ ਦੀ ਪਿੱਠ 'ਤੇ ਤੁਰ ਕੇ ਜਾ ਰਿਹਾ ਹੈ। ਇਹ 30 ਲੋਕ ਰੈੱਡ ਕਾਰਪੇਟ ਵਾਂਗ ਜ਼ਮੀਨ 'ਤੇ ਲੇਟੇ ਹੋਏ ਹਨ। 

ਤਾਂਗ ਨੇ ਕਿਹਾ ਕਿ ਉਹਨਾਂ ਨੇ ਕਿਰਿਬਾਤੀ ਦੇ ਨਾਲ ਡਿਪਲੋਮੈਟਿਕ ਸੰਬੰਧ ਸ਼ੁਰੂ ਹੋਣ ਦੇ ਬਾਅਦ ਇੱਥੋਂ ਦੀ ਯਾਤਰਾ ਕੀਤੀ ਸੀ। ਉੱਥੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਤਸਵੀਰ ਚੀਨ ਦੀ ਬਸਤੀਵਾਦੀ ਸੋਚ ਨੂੰ ਦਰਸਾਉਂਦੀ ਹੈ। ਇੱਥੇ ਦੱਸ ਦਈਏ ਕਿ ਕਿਰਿਬਾਤੀ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਛੋਟਾ ਜਿਹਾ ਟਾਪੂ ਹੈ। ਇਹ ਟਾਪੂ ਸਮੁੰਦਰ ਦੇ ਵੱਧਦੇ ਪੱਧਰ ਤੋਂ ਬਚਣ ਲਈ ਸੰਘਰਸ਼ ਕਰ ਰਿਹਾ ਹੈ। ਕਿਰਿਬਾਤੀ ਨੇ ਤਾਈਵਾਨ ਦੇ ਨਾਲ ਰਿਸ਼ਤਾ ਤੋੜ ਕੇ ਚੀਨ ਦੇ ਨਾਲ ਦੋਸਤੀ ਕੀਤੀ ਹੈ। ਇਸ ਟਾਪੂ 'ਤੇ ਚੀਨ ਦਾ ਸਪੇਸ ਟ੍ਰੈਕਿੰਗ ਸਟੇਸ਼ਨ ਵੀ ਸਥਿਤ ਹੈ। ਚੀਨ ਹੁਣ ਕਿਰਿਬਾਤੀ ਦੇ ਜ਼ਰੀਏ ਪ੍ਰਸ਼ਾਂਤ ਮਹਾਸਾਗਰ ਵਿਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ ਜੋ ਹੁਣ ਤੱਕ ਅਮਰੀਕਾ ਅਤੇ ਆਸਟ੍ਰੇਲੀਆ ਦਾ ਪ੍ਰਭਾਵ ਖੇਤਰ ਰਿਹਾ ਹੈ। 

Vandana

This news is Content Editor Vandana