ਉੱਤਰੀ ਕੋਰੀਆ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ, ਕਿਹਾ— ਹੁਣ ਅੱਖਾਂ ਨਾ ਦਿਖਾਓ

09/16/2017 6:09:46 PM

ਸਿਓਲ— ਉੱਤਰੀ ਕੋਰੀਆ ਦੇ ਤਾਨਾਸ਼ਾਹੀ ਨੇਤਾ ਕਿਮ ਜੋਂਗ ਉਨ ਨੇ ਸ਼ਨੀਵਾਰ ਨੂੰ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ। ਕਿਮ ਨੇ ਕਿਹਾ ਕਿ ਫੌਜੀ ਤਾਕਤ ਦੇ ਲਿਹਾਜ ਨਾਲ ਉਹ ਲੱਗਭਗ ਅਮਰੀਕਾ ਦੇ ਬਰਾਬਰ ਪਹੁੰਚ ਗਿਆ ਹੈ ਅਤੇ ਉਹ ਹੁਣ ਉੱਤਰੀ ਕੋਰੀਆ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੇ। ਇਸ ਦੇ ਨਾਲ ਕਿਮ ਨੇ ਵਧਦੇ ਕੌਮਾਂਤਰੀ ਪਾਬੰਦੀਆਂ ਦੇ ਬਾਵਜੂਦ ਆਪਣੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਪੂਰਾ ਕਰਨ ਦਾ ਸੰਕਲਪ ਲਿਆ। 
ਕਿਮ ਨੇ ਕਿਹਾ ਕਿ ਪੂਰੀ ਦੁਨੀਆ ਨੇ ਇਹ ਮੰਨਿਆ ਹੈ ਕਿ ਸੰਯੁਕਤ ਰਾਸ਼ਟਰ ਦੀਆਂ ਤਮਾਮ ਪਾਬੰਦੀਆਂ ਤੋਂ ਬਾਅਦ ਵੀ ਅਸੀਂ ਇਹ ਉਪਲੱਬਧੀਆਂ ਹਾਸਲ ਕੀਤੀਆਂ ਹਨ। 
ਉੱਤਰੀ ਕੋਰੀਆ ਦੀ ਅਧਿਕਾਰਤ ਏਜੰਸੀ ਨੇ ਸ਼ਨੀਵਾਰ ਨੂੰ ਕਿਮ ਦੇ ਹਵਾਲੇ ਤੋਂ ਇਕ ਬਿਆਨ ਵਿਚ ਇਹ ਗੱਲ ਆਖੀ। ਇਹ ਬਿਆਨ ਅਮਰੀਕਾ ਅਤੇ ਦੱਖਣੀ ਕੋਰੀਆਈ ਫੌਜ ਦੇ ਪਿਓਂਗਯਾਂਗ ਤੋਂ ਕੀਤੇ ਇਕ ਹੋਰ ਮਿਜ਼ਾਈਲ ਪਰੀਖਣ ਕਰਨ ਦਾ ਪਤਾ ਲਾਉਣ ਦੇ ਇਕ ਦਿਨ ਬਾਅਦ ਆਇਆ। ਇਸ ਮਿਜ਼ਾਈਲ ਨੇ ਤਕਰੀਬਨ 3700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਉੱਤਰੀ ਪ੍ਰਸ਼ਾਂਤ ਸਾਗਰ ਵਿਚ ਡਿੱਗਣ ਤੋਂ ਪਹਿਲਾਂ ਜਾਪਾਨ ਦੇ ਉੱਪਰੋਂ ਹੋ ਕੇ ਲੰਘੀ। ਉੱਤਰੀ ਕੋਰੀਆ ਨੇ ਹੁਣ ਤੱਕ ਕਈ ਬੈਲਸਟਿਕ ਮਿਜ਼ਾਈਲਾਂ ਦਾ ਪਰੀਖਣ ਕੀਤਾ ਹੈ।