ਕਿਮ ਜੋਂਗ ਓਨ ਦੀ ਨਹੀਂ ਹੋਈ ਕੋਈ ਵੀ ਸਰਜਰੀ : ਦੱਖਣੀ ਕੋਰੀਆ

05/03/2020 7:37:38 PM

ਸਿਓਲ - ਦੱਖਣੀ ਕੋਰੀਆ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਆਖਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਦੀ ਨਾ ਤਾਂ ਕੋਈ ਸਰਜਰੀ ਹੋਈ ਹੈ ਨਾ ਹੀ ਉਨਾਂ ਦਾ ਕੋਈ ਹੋਰ ਇਲਾਜ ਹੋਇਆ ਹੈ। ਅਧਿਕਾਰੀ ਦਾ ਇਹ ਦਾਅਵਾ ਕਿਮ ਦੀ ਸਿਹਤ ਨੂੰ ਲੈ ਕੇ ਲਗਾਤਾਰ ਲਗਾਈਆਂ ਜਾ ਰਹੀਆਂ ਅਟਕਲਾਂ ਵਿਚਾਲੇ ਆਇਆ ਹੈ ਜੋ ਹਾਲ ਹੀ ਦੇ ਦਿਨਾਂ ਵਿਚ ਜਨਤਕ ਤੌਰ 'ਤੇ ਕਿਮ ਦੇ ਦਿੱਖਣ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।

ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਆਖਿਆ ਸੀ ਕਿ ਕਿਮ ਸ਼ੁੱਕਰਵਾਰ ਨੂੰ ਪਿਓਂਗਯਾਂਗ ਦੀ ਇਕ ਫੈਕਟਰੀ ਵਿਚ ਰੱਖੇ ਗਏ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ।ਪਿਛਲੇ 20 ਦਿਨਾਂ ਵਿਚ ਉਹ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ ਸਨ।ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਵੱਲੋਂ ਜਾਰੀ ਵੀਡੀਓ ਫੁਟੇਜ਼ ਵਿਚ ਕਿਮ ਦੇ ਫਿਰ ਤੋਂ ਨਜ਼ਰ ਆਉਣ ਤੋਂ ਬਾਅਦ ਉਨ੍ਹਾਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਸੀ ਕਿ ਉਹ ਜਾਂ ਤਾਂ ਬਹੁਤ ਬੁਰੀ ਤਰ੍ਹਾਂ ਬੀਮਾਰ ਹਨ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਮੌਤ ਹੋ ਹੋਵੇ ਪਰ ਕੁਝ ਮੀਡੀਆ ਸੰਗਠਨ ਅਤੇ ਸਮੀਖਅਕ ਕਿਮ ਦੀ ਸਿਹਤ ਨੂੰ ਲੈ ਕੇ ਹੁਣ ਵੀ ਸਵਾਲ ਚੁੱਕ ਰਹੇ ਹਨ। ਉਹ ਉਨਾਂ ਪਲਾਂ ਦਾ ਹਵਾਲਾ ਦੇ ਰਹੇ ਹਨ ਜਦ ਫੈਕਟਰੀ ਦੇ ਪ੍ਰੋਗਰਾਮ ਵਿਚ ਕਿਮ ਦੇ ਤੁਰਨ ਦਾ ਅੰਦਾਜ਼ ਕੁਝ ਅਲੱਗ ਜਿਹਾ ਲੱਗ ਰਿਹਾ ਸੀ।

ਰਾਸ਼ਟਰਪਤੀ ਭਵਨ ਬਲੂ ਹਾਊਸ ਮੁਤਾਬਕ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਕਿਮ ਦੀ ਕੋਈ ਸਰਜਰੀ, ਕੋਈ ਇਲਾਜ ਨਹੀਂ ਹੋਇਆ ਹੈ। ਵਿਸ਼ਵ ਦੇ ਸਭ ਤੋਂ ਖੁਫੀਆ ਦੇਸ਼ਾਂ ਵਿਚੋਂ ਇਕ, ਉੱਤਰੀ ਕੋਰੀਆ ਵਿਚ ਹੋਣ ਵਾਲੀਆਂ ਗਤੀਵਿਧੀਆਂ ਦੀ ਪੁਸ਼ਟੀ ਕਰਨ ਵਿਚ ਦੱਖਣੀ ਕੋਰੀਆ ਦਾ ਰਿਕਾਰਡ ਅਸਮਾਨ (ਨਾ-ਬਰਾਬਰ) ਰਿਹਾ ਹੈ ਪਰ ਜਦ ਹਾਲ ਹੀ ਦੇ ਹਫਤਿਆਂ ਵਿਚ ਕਿਮ ਦੀ ਸਿਹਤ ਨੂੰ ਲੈ ਕੇ ਅਫਵਾਹਾਂ ਆਉਣ ਲੱਗੀਆਂ ਪਰ ਦੱਖਣੀ ਕੋਰੀਆਈ ਸਰਕਾਰ ਨੇ ਉਨ੍ਹਾਂ ਨੂੰ ਗਲਤ ਦੱਸ ਕੇ ਖਾਰਿਜ਼ ਕਰ ਦਿੱਤਾ ਅਤੇ ਆਖਿਆ ਕਿ ਉੱਤਰੀ ਕੋਰੀਆ ਵਿਚ ਕਿਸੇ ਤਰ੍ਹਾਂ ਦੀ ਅਸਮਾਨ ਗਤੀਵਿਧੀ ਨਹੀਂ ਹੋਈ। ਇਹ ਪਹਿਲੀ ਵਾਰ ਨਹੀਂ ਹੈ ਜਦ ਕਿਮ ਲੰਬੇ ਸਮੇਂ ਤੱਕ ਜਨਤਕ ਤੌਰ 'ਤੇ ਨਾ ਦੇਖੇ ਗਏ ਹੋਣ। ਇਸ ਤੋਂ ਪਹਿਲਾਂ 2014 ਵਿਚ ਵੀ ਉਹ 6 ਹਫਤਿਆਂ ਲਈ ਲਾਪਤਾ ਹੋ ਗਏ ਸਨ।

Khushdeep Jassi

This news is Content Editor Khushdeep Jassi