ਭਾਸ਼ਣ ਦਿੰਦਿਆਂ ਰੋ ਪਏ ਤਾਨਾਸ਼ਾਹ ਕਿਮ ਜੋਂਗ, ਜਨਤਾ ਤੋਂ ਮੰਗੀ ਮੁਆਫ਼ੀ, ਜਾਣੋ ਵਜ੍ਹਾ

10/12/2020 6:27:52 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਨੇ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗੀ ਹੈ।ਇਸ ਦੌਰਾਨ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਤਾਨਾਸ਼ਾਹ ਕਿਮ ਨੇ ਜਨਤਾ ਨੂੰ ਕਿਹਾ ਕਿ ਉਹ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਆਪਣੀ ਜਨਤਾ ਦੇ ਨਾਲ ਖੜ੍ਹੇ ਨਹੀਂ ਰਹਿ ਸਕੇ, ਇਸ ਦੇ ਲਈ ਉਹ ਮੁਆਫੀ ਮੰਗਦੇ ਹਨ। ਆਪਣੀ ਪਾਰਟੀ ਦੇ 75 ਸਾਲ ਪੂਰੇ ਹੋਣ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਮ ਜੋਂਗ ਉਨ ਭਾਵੁਕ ਹੋ ਗਏ। 

ਕਿਮ ਜੋਂਗ ਉਨ ਨੇ ਆਪਣੇ ਭਾਸ਼ਣ ਦੌਰਾਨ ਮੰਨਿਆ ਕਿ ਉਹ ਉੱਤਰੀ ਕੋਰੀਆ ਦੇ ਲੋਕਾਂ ਦੇ ਵਿਸ਼ਵਾਸ 'ਤੇ ਪੂਰੇ ਨਹੀਂ ਉੱਤਰ ਸਕੇ ਅਤੇ ਇਸ ਦੇ ਲਈ ਉਹ ਮੁਆਫੀ ਮੰਗਦੇ ਹਨ। ਇੰਨਾ ਕਹਿੰਦੇ ਹੀ ਕਿਮ ਜੋਂਗ ਨੇ ਆਪਣਾ ਚਸ਼ਮਾ ਉਤਾਰਿਆ ਅਤੇ ਆਪਣੇ ਹੰਝੂ ਸਾਫ ਕੀਤੇ। ਉਹਨਾਂ ਨੇ ਆਪਣੇ ਵਡੇਰਿਆ ਦੇ ਮਹਾਨ ਕੰਮ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦਕਿ ਮੈਨੂੰ ਇਸ ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਮੇਰੀ ਕੋਸ਼ਿਸ਼ ਅਤੇ ਈਮਾਨਦਾਰੀ ਮੇਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲੋੜੀਂਦੀਆਂ ਸਾਬਤ ਨਹੀਂ ਰਹੀਆਂ ਹਨ।

ਅਦਭੁੱਤ ਮਿਜ਼ਾਈਲ Hwasong-15 ਕੀਤੀ ਪੇਸ਼
ਭਾਵੁਕਤਾ ਨਾਲ ਭਰੇ ਭਾਸ਼ਣ ਵਿਚ ਕਿਮ ਜੋਂਗ ਨੇ ਕਿਹਾ ਕਿ ਦੁਨੀਆ ਭਰ ਦੀ ਜਨਤਾ ਕੋਰੋਨਾ ਦੇ ਕਾਰਨ ਪਰੇਸ਼ਾਨ ਹੈ। ਉਹਨਾਂ ਨੇ ਦੱਖਣੀ ਕੋਰੀਆ ਦੇ ਨਾਲ ਸੰਬੰਧਾਂ ਨੂੰ ਬਿਹਤਰ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਪ੍ਰੋਗਰਾਮ ਦੌਰਾਨ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰਾਂ ਨਾਲ ਲੈਸ 22 ਪਹੀਏ ਵਾਲੀ ਗੱਡੀ 'ਤੇ ਸਵਾਰ ਅਦਭੁੱਤ ਮਿਜ਼ਾਇਲ Hwasong-15 ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈਕਿ ਇਹ ਮਿਜ਼ਾਈਲ ਅਮਰੀਕਾ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰਨ ਵਿਚ ਸਮਰੱਥ ਹੈ। 

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਇਸ ਮਿਜ਼ਾਇਲ ਨੂੰ ਪਿਛਲੇ ਦਿਨੀਂ ਆਪਣੀ ਮਿਲਟਰੀ ਪਰੇਡ ਵਿਚ ਦਿਖਾਇਆ ਸੀ। ਮਾਹਰਾਂ ਨੇ ਕਿਹਾ ਕਿ ਇਹ ਮਿਜ਼ਾਇਲ ਦੁਨੀਆ ਦੀ ਸਭ ਤੋਂ ਲੰਬੀ ਮਿਜ਼ਾਇਲਾਂ ਵਿਚੋਂ ਇਕ ਹੈ।ਕਿਮ ਜੋਂਗ ਨੇ ਇਸ ਵਿਸ਼ਾਲ ਕਿੱਲਰ ਮਿਜ਼ਾਇਲ ਦਾ ਪ੍ਰਦਰਸ਼ਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਸਾਲ ਤੱਕ ਉਹਨਾਂ ਨੂੰ ਪਰਮਾਣੂ ਹਥਿਆਰ ਪ੍ਰੋਗਰਾਮ ਛੱਡਣ ਦੇ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਓਪਨ ਨਿਊਕਲੀਅਰ ਨੈੱਟਵਰਕ ਦੀ ਡਿਪਟੀ ਡਾਇਰੈਕਟਰ ਮੇਲਿਸਾ ਹਨਹਮ ਨੇ ਕਿਹਾ,''ਇਹ ਮਿਜ਼ਾਇਲ ਇਕ ਰਾਖਸ਼ ਵਾਂਗ ਹੈ। ਉੱਥੇ ਅਮਰੀਕੀ ਪ੍ਰਸਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਮਿਜ਼ਾਇਲ ਦਾ ਪ੍ਰਦਰਸ਼ਨ ਨਿਰਾਸ਼ ਕਰਨ ਵਾਲਾ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੂਰੀ ਤਰ੍ਹਾਂ ਨਾਲ ਪਰਮਾਣੂ ਹਥਿਆਰਾਂ ਦੇ ਖਾਤਮੇ ਲਈ ਗੱਲਬਾਤ ਕਰਨ। 

Vandana

This news is Content Editor Vandana