ਕੀਨੀਆ: ਫੇਸ ਮਾਸਕ ਨੂੰ ਲੈ ਕੇ ਹੋਈ ਝੜਪ ਦੌਰਾਨ ਤਿੰਨ ਹਲਾਕ

06/26/2020 8:06:26 PM

ਨੈਰੋਬੀ: ਕੀਨੀਆ ਦੀ ਰਿਫਟ ਘਾਟੀ ਦੇ ਇਕ ਛੋਟੇ ਸ਼ਹਿਰ ਲੇਸੋਸ ਵਿਚ ਫੇਸ ਮਾਸਕ ਨਹੀਂ ਪਾਉਣ ਕਾਰਣ ਪੁਲਸ ਤੇ ਸਥਾਨਕ ਲੋਕਾਂ ਦੇ ਵਿਚਾਲੇ ਹੋਈ ਝੜਪ ਵਿਚ ਤਿੰਨ ਲੋਕ ਮਾਰੇ ਗਏ। ਇਕ ਚਸ਼ਮਦੀਦ ਗਵਾਹ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਵੀ ਮੌਤਾਂ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਉਸ ਨੇ ਵੱਖਰਾ ਅੰਕੜਾ ਦਿੱਤਾ ਹੈ। 

ਕੀਨੀਆ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਤੌਰ 'ਤੇ ਫੇਸ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਪਿਛਲੇ ਕਈ ਹਫਤਿਆਂ ਵਿਚ ਮਨੁੱਖੀ ਅਧਿਕਾਰ ਕਾਰਕੁੰਨ ਕੋਰੋਨਾ ਵਾਇਰਸ ਨਾਲ ਸਬੰਧਿਤ ਪਾਬੰਦੀਆਂ ਨੂੰ ਲਾਗੂ ਕਰਦੇ ਹੋਏ ਕੀਨੀਆਈ ਪੁਲਸ ਅਧਿਕਾਰੀਆਂ ਵਲੋਂ ਕੀਤੀਆਂ ਜਾ ਰਹੀਆਂ ਕਥਿਤ ਹੱਤਿਆਵਾਂ ਦਾ ਵਿਰੋਧ ਕਰ ਰਹੇ ਹਨ। ਉਹ ਅਧਿਕਾਰੀਆਂ 'ਤੇ ਰਿਸ਼ਵਤ ਲੈਣ ਦਾ ਵੀ ਦੋਸ਼ ਲਾ ਰਹੇ ਹਨ। ਚਸ਼ਮਦੀਦ ਕੈਨੇਥ ਕੌਂਡਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਰ ਨੂੰ ਲੇਸੋਸ ਵਿਚ ਬਿਨਾਂ ਮਾਸਕ ਪਾਏ ਇਕ ਮੋਟਰਸਾਈਕਲ ਸਵਾਰ ਨੂੰ ਸਟੇਸ਼ਨ ਜਾਣ ਤੋਂ ਰੋਕਣ ਨੂੰ ਲੈ ਕੇ ਪੁਲਸ ਅਧਕਾਰੀਆਂ ਤੇ ਸਥਾਨਕ ਲੋਕਾਂ ਦੇ ਵਿਚਾਲੇ ਕੁੱਟਮਾਰ ਹੋਈ। ਕੀਨੀਆ ਵਿਚ ਜਨਤਕ ਰੂਪ ਨਾਲ ਫੇਸ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਇਸ ਦਾ ਪਾਲਣ ਨਾ ਕਰਨ 'ਤੇ 200 ਅਮਰੀਕੀ ਡਾਲਰ ਦਾ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਕੌਂਡਾ ਨੇ ਜ਼ੋਰ ਦੇ ਕੇ ਕਿਹਾ ਕਿ ਡ੍ਰਾਈਵਰ ਨੂੰ ਗ੍ਰਿਫਤਾਰ ਕਰਨ ਵਾਲੇ ਇਕ ਪੁਲਸ ਕਰਮਚਾਰੀ ਨੇ ਗੁੱਸੇ ਵਿਚ ਭੀੜ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਇਕ ਸਥਾਨਕ ਮੋਚੀ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਪੁਲਸ ਕਰਮਚਾਰੀ ਨੇ ਘੱਟ ਤੋਂ ਘੱਟ ਪੰਜ ਵਾਰ ਭੀੜ 'ਤੇ ਗੋਲੀਆਂ ਚਲਾਈਆਂ।

ਕੌਂਡਾ ਨੇ ਦੱਸਿਆ ਕਿ ਮੋਚੀ ਦੀ ਮੌਤ ਨਾਲ ਗੁੱਸੇ ਵਿਚ ਆਏ ਲੋਕਾਂ ਨੇ ਸਥਾਨਕ ਪੁਲਸ ਮੁਖੀ ਦੇ ਘਰ ਵਿਚ ਅੱਗ ਲਗਾ ਦਿੱਤੀ ਤੇ ਇਕ ਪੁਲਸ ਥਾਣੇ 'ਤੇ ਪੱਥਰਬਾਜ਼ੀ ਕੀਤੀ। ਟਕਰਾਅ ਦੌਰਾਨ ਦੋ ਹੋਰ ਲੋਕਾਂ ਦੀ ਵੀ ਗੋਲੀ ਲੱਗਣ ਕਾਰਣ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਪਿੱਛੇ ਕੋਈ ਹੋਰ ਕਾਰਣ ਹੈ। ਕੀਨੀਆ ਪੁਲਸ ਦੇ ਬੁਲਾਰੇ ਚਾਰਲਸ ਓਵੀਨੋ ਨੇ ਇਕ ਬਿਆਨ ਵਿਚ ਕਿਹਾ ਕਿ ਹੋਰ ਮੋਟਰਸਾਈਕਲ ਸਵਾਰ ਦੋ ਲੋਕਾਂ ਨੂੰ ਲੈ ਕੇ ਜਾ ਰਹੇ ਆਪਣੇ ਸਹਿ-ਕਰਮਚਾਰੀਆਂ ਦਾ ਲੋਕ ਵਿਰੋਧ ਕਰ ਰਹੇ ਸਨ। ਜਦਕਿ ਸਰਕਾਰ ਨੇ ਵਾਇਰਸ ਦੇ ਪ੍ਰਸਾਰ 'ਤੇ ਕੰਟਰੋਲ ਨੂੰ ਲੈ ਕੇ ਇਕ ਤੋਂ ਵਧੇਰੇ ਯਾਤਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਓਵਿਨੋ ਨੇ ਦੋਸ਼ ਲਾਇਆ ਕਿ ਮੋਟਰਸਾਈਕਲ ਟੈਕਸੀ ਸਵਾਰ ਨੇ ਗ੍ਰਿਫਤਾਰ ਕਰ ਰਹੇ ਪੁਲਸ ਕਰਮਚਾਰੀਆਂ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਗੋਲੀ ਚਲਾਉਣੀ ਪਈ। ਪੁਲਸ ਅਧਿਕਾਰੀ ਹਿਲੇਰੀ ਐੱਮ ਨੇ ਕਿਹਾ ਕਿ ਮੋਚੀ ਨੂੰ ਗੋਲੀ ਮਾਰਨ ਵਾਲੇ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ।


Baljit Singh

Content Editor

Related News