ਟਰੂਡੋ 'ਤੇ ਟਿੱਪਣੀ ਕਰਨ ਵਾਲੇ ਕੰਜ਼ਰਵੇਟਿਵ ਲੀਡਰ ਨੇ ਮੰਗੀ ਮੁਆਫੀ

05/26/2018 4:25:43 PM

ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ 'ਚ ਕੁੱਝ ਦਿਨ ਪਹਿਲਾਂ ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਲੀਡਰ ਜੇਸਨ ਕੇਨੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਨਿੱਜੀ  ਟਿੱਪਣੀ ਕੀਤੀ ਸੀ, ਜਿਸ ਮਗਰੋਂ ਉਨ੍ਹਾਂ ਨੇ ਇਸ 'ਤੇ ਮੁਆਫੀ ਮੰਗੀ ਹੈ। ਉਨ੍ਹਾਂ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਅਤੇ ਇਸ ਲਈ ਉਹ ਮੁਆਫੀ ਮੰਗਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੇਨੀ ਨੇ ਟਰੂਡੋ ਨੂੰ ਖੋਖਲਾ ਇਨਸਾਨ ਕਿਹਾ ਸੀ ਤੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਸਿਆਸਤ ਦੀ ਮਾਮੂਲੀ ਜਿਹੀ ਵੀ ਸਮਝ ਨਹੀਂ ਹੈ। ਕੇਨੀ ਦਾ ਇਹ ਬਿਆਨ ਇੱਥੋਂ ਦੀਆਂ ਅਖਬਾਰਾਂ ਵਿੱਚ ਵੀ ਛਪਿਆ ਸੀ। ਇੱਕ ਇੰਟਰਵਿਊ ਵਿੱਚ ਕੇਨੀ ਨੇ ਆਖਿਆ ਕਿ ਇਸ ਬਿਆਨ ਦਾ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਛਤਾਵਾ ਹੈ। ਉਹ ਇਹੋ ਜਿਹੀ ਸ਼ੈਲੀ ਨੂੰ ਅਪਨਾਉਣਾ ਨਹੀਂ ਚਾਹੁੰਦੇ। ਇਸ ਤਰ੍ਹਾਂ ਦੀਆਂ ਭੱਦੀਆਂ ਅਤੇ ਨਿੱਜੀ ਟਿੱਪਣੀਆਂ ਕਰਨ ਉੱਤੇ ਉਹ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਦੇ ਹਨ।
ਕੇਨੀ ਨੇ ਆਖਿਆ ਕਿ ਆਪਣੀ ਪਾਰਟੀ ਦਾ ਲੀਡਰ ਬਣਨ ਉੱਤੇ ਉਨ੍ਹਾਂ ਇਸ ਤਰ੍ਹਾਂ ਦੇ ਨਿੱਜੀ ਹਮਲੇ ਵਾਲੇ ਬਿਆਨ ਦੇਣ ਤੋਂ ਬਚਣ ਦੀ ਹੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਪਿਛਲੇ ਹਫਤੇ ਆਪਾ ਗੁਆ ਦਿੱਤਾ ਅਤੇ ਇਹ ਗਲਤੀ ਕਰ ਬੈਠੇ ਪਰ ਭਵਿੱਖ ਵਿੱਚ ਉਹ ਅਜਿਹਾ ਨਹੀਂ ਕਰਨਗੇ। ਇਹ ਸਭ ਗੱਲਾਂ ਕਹਿਣ ਦੇ ਬਾਅਦ ਕੇਨੀ ਨੇ ਇਕ ਵਾਰ ਫਿਰ ਟਰੂਡੋ 'ਤੇ ਟਿੱਪਣੀ ਕੀਤੀ ਅਤੇ ਆਖਿਆ ਕਿ ਉਹ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਹਨ ਕਿ ਅਲਬਰਟਾ ਦੇ ਇਤਿਹਾਸ ਵਿੱਚ ਟਰੂਡੋ ਸਭ ਤੋਂ ਘੱਟ ਹਰਮਨ ਪਿਆਰੇ ਪ੍ਰਧਾਨ ਮੰਤਰੀ ਹਨ।
ਕੇਨੀ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਟਿੱਪਣੀਆਂ ਬਾਰੇ ਜਦੋਂ ਟਰੂਡੋ ਨੂੰ ਕੋਈ ਪ੍ਰਤਿਕਿਰਿਆ ਦੇਣ ਲਈ ਆਖਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਵਿੱਚ ਯਕੀਨ ਨਹੀਂ ਰੱਖਦੇ। ਉਨ੍ਹਾਂ ਵੱਡਾ ਦਿਲ ਦਿਖਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਕਿਸੇ ਦਾ ਫਾਇਦਾ ਨਹੀਂ ਹੋਣ ਵਾਲਾ । ਕਿਸੇ ਵਿਅਕਤੀ ਬਾਰੇ ਗਲਤ ਬੋਲ ਕੇ ਜਾਂ ਕਿਸੇ ਉੱਤੇ ਨਿੱਜੀ ਹਮਲਾ ਕਰਕੇ ਕਿਸੇ ਦਾ ਕੁੱਝ ਨਹੀਂ ਸੰਵਰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਉਨ੍ਹਾਂ ਦੀ ਪਰਵਰਿਸ਼ ਬਿਹਤਰ ਢੰਗ ਨਾਲ ਕੀਤੀ ਗਈ ਹੈ ਤੇ ਉਹ ਇਸ ਤਰ੍ਹਾਂ ਦੀ ਚਰਚਾ ਵਿੱਚ ਨਹੀਂ ਫਸਣਾ ਚਾਹੁੰਦੇ।