ਸਿੱਖਾਂ ਲਈ ਖੁਸ਼ਖਬਰੀ, ਕਰਤਾਰਪੁਰ ਸਾਹਿਬ ਲਾਂਘੇ ਦਾ ਤਿਆਰ ਹੋਇਆ ਖਾਕਾ

12/24/2018 3:18:59 PM

ਇਸਲਾਮਾਬਾਦ, (ਏਜੰਸੀ)— ਸਿੱਖਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਬੂਰ ਪੈ ਰਿਹਾ ਹੈ। ਇਸੇ ਤਹਿਤ ਪਾਕਿਸਤਾਨ ਵਲੋਂ ਇਕ ਹੋਰ ਕਦਮ ਚੁੱਕਿਆ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਹੁਣ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਖਾਕਾ ਉਲੀਕਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ, ਪਾਕਿਸਤਾਨੀ ਏਜੰਸੀ ਐੱਫ. ਆਈ. ਏ. ਨੇ ਪਾਕਿਸਤਾਨ ਸਰਕਾਰ ਨੂੰ ਕੁਝ ਸਿਫਾਰਸ਼ਾਂ ਭੇਜੀਆਂ ਹਨ।ਜਿਸ 'ਚ ਇਹ ਸ਼ਾਮਲ ਹੈ ਕਿ ਸੰਗਤਾਂ ਨੂੰ ਕਦੋਂ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਲਾਂਘੇ ਨੂੰ ਕਿਸ ਸਮੇਂ ਖੋਲ੍ਹਿਆ ਜਾਣਾ ਚਾਹੀਦਾ ਹੈ। ਰਿਪੋਰਟਾਂ ਮੁਤਾਬਕ ਸ਼ਰਧਾਲੂਆਂ ਲਈ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲਾਂਘਾ ਖੋਲ੍ਹਣ ਦੀ ਇਜਾਜ਼ਤ ਮਿਲ ਸਕਦੀ ਹੈ।ਇਸ ਨਾਲ ਰੋਜ਼ਾਨਾ 500 ਦੇ ਕਰੀਬ ਸਿੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।ਹਾਲਾਂਕਿ ਹੁਣ ਤਕ ਅਧਿਕਾਰਤ ਤੌਰ 'ਤੇ ਪਾਕਿਸਤਾਨ ਵੱਲੋਂ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

ਰਿਪੋਰਟਾਂ ਮੁਤਾਬਕ, ਐੱਫ. ਆਈ. ਏ. ਨੇ ਸਿੱਖਾਂ ਦੇ ਪਾਕਿਸਤਾਨ ਆਉਣ ਸਬੰਧੀ ਖਾਕਾ ਤਿਆਰ ਕਰ ਲਿਆ ਹੈ।ਕਰਤਾਰਪੁਰ ਸਾਹਿਬ ਦੀ ਸਰਹੱਦ ਨੇੜੇ ਇਮੀਗ੍ਰੇਸ਼ਨ ਸੈਂਟਰ ਬਣਾਇਆ ਜਾਵੇਗਾ।ਪਾਕਿਸਤਾਨ ਦੀਆਂ ਬੱਸਾਂ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਗੀਆਂ।ਸਰਹੱਦ ਹਰ ਰੋਜ਼ 8 ਘੰਟਿਆਂ ਲਈ ਖੋਲ੍ਹੀ ਜਾਵੇਗੀ। ਫਿਲਹਾਲ ਉਡੀਕ ਹੈ ਪਾਕਿਸਤਾਨ ਸਰਕਾਰ ਵਲੋਂ ਇਸ 'ਤੇ ਮਨਜ਼ੂਰੀ ਮਿਲਣ ਦੀ।