ਦੀਵਾਲੀ ਦੇ ਰੰਗ ''ਚ ਰੰਗਿਆ ਕੈਨੇਡਾ, ਟਰੂਡੋ ਨੇ ਕਿਹਾ— ''ਦੀਵਾਲੀ ਮੁਬਾਰਕ''

10/17/2017 11:48:07 AM

ਓਟਾਵਾ (ਬਿਊਰੋ)—  ਭਾਰਤ ਹੀ ਨਹੀਂ ਕੈਨੇਡਾ ਦੇ ਵਾਸੀਆਂ 'ਚ ਵੀ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਹੈ। ਇੱਥੋਂ ਦੇ ਲੋਕ ਹਰ ਸਾਲ ਦੀਵਾਲੀ ਦੇ ਤਿਉਹਾਰ ਨੂੰ ਧੁੰਮਧਾਮ ਨਾਲ ਮਨਾਉਂਦੇ ਹਨ। ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਬੀਤੀ ਰਾਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਵੱਖਰੇ ਅੰਦਾਜ਼ ਵਿਚ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਟਰੂਡੋ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਦੀਵਾਲੀ ਮੁਬਾਰਕ, ਅੱਜ ਰਾਤ ਅਸੀਂ ਓਟਾਵਾ ਵਿਚ ਇਸ ਦਾ ਜਸ਼ਨ ਮਨਾ ਰਹੇ ਹਾਂ।'' ਇਸ ਤਸਵੀਰ ਵਿਚ ਟਰੂਡੋ ਨੇ ਰਵਾਇਤੀ ਭਾਰਤੀ ਪੋਸ਼ਾਕ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਅਤੇ ਉਹ ਦੀਵੇ ਜਗਾ ਰਹੇ ਹਨ। 


ਟਵਿੱਟਰ 'ਤੇ ਟਰੂਡੋ ਵਲੋਂ 'ਦੀਵਾਲੀ ਮੁਬਾਰਕ' ਕਹਿਣਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ। ਬਹੁਤ ਸਾਰੇ ਲੋਕਾਂ ਨੇ ਟਰੂਡੋ ਨੂੰ ਜਵਾਬ ਦਿੱਤਾ, ''ਦੀਵਾਲੀ ਮੁਬਾਰਕ ਨਹੀਂ ਦੀਵਾਲੀ ਦੀਆਂ ਵਧਾਈਆਂ ਕਹਿੰਦੇ ਹਨ।'' ਇਕ ਹੋਰ ਯੂਜ਼ਰ ਨੇ ਕਿਹਾ, ''ਜੇਕਰ ਸਹੀ ਸ਼ਬਦਾਂ 'ਚ ਕਿਹਾ ਜਾਵੇ ਤਾਂ 'ਸ਼ੁੱਭ ਦੀਵਾਲੀ' ਹੁੰਦਾ ਹੈ, ਦੀਵਾਲੀ ਮੁਬਾਰਕ ਨਹੀਂ। 
ਉੱਥੇ ਹੀ ਕੁਝ ਲੋਕ ਟਰੂਡੋ ਦੇ ਸਮਰਥਨ ਵਿਚ ਵੀ ਨਜ਼ਰ ਆਏ। ਕੁਝ ਨੇ ਲਿਖਿਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ ਕਿ ਉਹ ਵਧਾਈ ਦੇਣ ਜਾਂ ਮੁਬਾਰਕਾਂ। ਇਹ ਜ਼ਿਆਦਾ ਅਹਿਮ ਹੈ ਕਿ ਉਹ ਭਾਰਤੀ ਤਿਉਹਾਰਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਸਾਰਿਆਂ ਨਾਲ ਮਿਲ ਕੇ ਖੁਸ਼ੀ-ਖੁਸ਼ੀ ਇਨ੍ਹਾਂ ਨੂੰ ਮਨਾਉਂਦੇ ਹਨ।