ਐਨਾਂ ਵੀ ਸਾਊ ਅਤੇ ਮਹਾਨ ਨੇਤਾ ਨਹੀਂ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ, ਜਿੰਨਾਂ ਤੁਸੀਂ ਸਮਝਦੇ ਹੋ (ਦੇਖੋ ਤਸਵੀਰਾਂ)

04/23/2017 5:00:11 PM

ਓਟਾਵਾ— ਜਦੋਂ ਸੰਸਾਰਕ ਪੱਧਰ ''ਤੇ ਰਾਜਨੀਤੀ ਦੀ ਗੱਲ ਹੁੰਦੀ ਹੈ ਤਾਂ ਇੱਕੋ-ਇਕ ਨੇਤਾ ਦਾ ਨਾਂ ਆਉਂਦਾ ਹੈ, ਜਿਸ ਦੀਆਂ ਨੀਤੀਆਂ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ। ਇਹ ਨੇਤਾ ਕੋਈ ਹੋਰ ਨਹੀਂ ਸਗੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈ। ਟਰੂਡੋ ਦੀਆਂ ਨੀਤੀਆਂ ਨਵੀਆਂ, ਸ਼ਾਨਦਾਰ ਅਤੇ ਲੋਕਾਂ ਦੀ ਭਲਾਈ ਵਾਲੀਆਂ ਹਨ ਪਰ ਫਿਰ ਵੀ ਟਰੂਡੋ ਨੂੰ ਦੁਨੀਆ ਦਾ ਮਹਾਨ ਨੇਤਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਦੀਆਂ ਕੁਝ ਨੀਤੀਆਂ ਅਜਿਹੀਆਂ ਹਨ, ਜੋ ਸਾਬਤ ਕਰਦੀਆਂ ਹਨ ਕਿ ਇਹ ਨੇਤਾ ਓਨਾਂ ਸਾਊ ਅਤੇ ਮਹਾਨ ਨਹੀਂ ਹੈ, ਜਿੰਨਾਂ ਤੁਸੀਂ ਉਸ ਨੂੰ ਸਮਝਦੇ ਹੋ। ਉਸ ਦੇ ਇਹ ਫੈਸਲੇ ਇਸ ਗੱਲ ਦੀ ਹਾਮੀ ਭਰਦੇ ਹਨ— 
 
1. ਐਲਬਰਟਾ ਟਾਰ ਸੈਂਡ ''ਤੇ ਟਰੂਡੋ ਦੇ ਫੈਸਲੇ ਦਾ ਅਸਰ—
ਕੈਨੇਡਾ ਦੇ ਐਲਬਰਟਾ ਦੇ ਵੱਡੇ ਖੇਤਰ ਹੇਠਾਂ ਕੱਚੇ ਤੇਲ ਦਾ ਭੰਡਾਰ ਹੈ। 50 ਹਜ਼ਾਰ ਵਰਗ ਮੀਲ ਦੀ ਧਰਤੀ ਹੇਠਾਂ ਤਕਰੀਬਨ 173 ਬਿਲੀਅਨ ਬੈਰਲ ਤੇਲ ਹੈ, ਜਿਸ ਨੂੰ ਖੋਦ ਕੇ ਕੈਨੇਡਾ ਵੇਚਣਾ ਚਾਹੁੰਦਾ ਹੈ। ਇਸ ਪ੍ਰਕਿਰਿਆ ਵਿਚ ਵੱਡੀ ਮਾਤਰਾ ਵਿਚ ਊਰਜਾ ਲੱਗੇਗੀ ਅਤੇ ਇਸ ਨਾਲ ਉਹ ਖੇਤਰ ਪੂਰੀ ਤਰ੍ਹਾਂ ਉੱਜੜ ਜਾਵੇਗਾ। ਇਸ ਨਾਲ ਨਦੀਆਂ ਅਤੇ ਹਵਾ ਪ੍ਰਦੂਸ਼ਿਤ ਹੋ ਜਾਵੇਗੀ। ਖੇਤੀ ਵਾਲੀ ਧਰਤੀ ਖਰਾਬ ਹੋ ਜਾਵੇਗੀ। ਟਰੂਡੋ ਦਾ ਕਹਿਣਾ ਹੈ ਕਿ ਇਸ ਤੇਲ ਦੇ ਭੰਡਾਰ ਨੂੰ ਬਾਹਰ ਕੱਢਣਾ ਜ਼ਿਆਦਾ ਜ਼ਰੂਰੀ ਹੈ। ਉਸ ਦਾ ਕਹਿਣਾ ਹੈ ਕਿ ਕੋਈ ਵੀ ਦੇਸ਼ ਅਜਿਹਾ ਨਹੀਂ ਹੋਵੇਗਾ, ਜਿਸ ਕੋਲ 173 ਬਿਲੀਅਨ ਤੇਲ ਦਾ ਭੰਡਾਰ ਹੋਵੇ ਅਤੇ ਉਹ ਉਸ ਦਾ ਲਾਭ ਨਾ ਉਠਾਏ। 

2. ਸ਼ਾਂਤੀ ਦੀਆਂ ਗੱਲਾਂ ਕਰਨ ਵਾਲਾ ਕੈਨੇਡਾ ਵੱਡੀ ਗਿਣਤੀ ''ਚ ਹਥਿਆਰ ਵੇਚਦਾ ਹੈ—
ਸ਼ਾਂਤੀ ਦੀਆਂ ਗੱਲਾਂ ਕਰਨ ਵਾਲਾ ਕੈਨੇਡਾ ਵੱਡੀ ਗਿਣਤੀ ਵਿਚ ਕਈ ਦੇਸ਼ਾਂ ਨੂੰ ਹਥਿਆਰ ਵੇਚਦਾ ਹੈ। ਹਥਿਆਰ ਵੇਚਣ ਦੀ ਰਫਤਾਰ ਟਰੂਡੋ ਦੇ ਕਾਰਜਕਾਲ ਵਿਚ ਤੇਜ਼ੀ ਨਾਲ ਵਧੀ ਹੈ। ਇੱਥੋਂ ਤੱਕ ਕਿ ਕੈਨੇਡਾ, ਮੱਧ ਪੂਰਬੀ ਦੇਸ਼ਾਂ, ਪੇਰੂ, ਕੋਲੰਬੀਆ, ਨਾਈਜੀਰੀਆ, ਫਿਲੀਪੀਨਜ਼, ਮੈਕਸੀਕੋ, ਤੁਰਕੀ ਵਿਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਦੂਜਾ ਵੱਡਾ ਡੀਲਰ ਹੈ। 
 
3. ਟਰੂਡੋ ਔਰਤਾਂ ਦੇ ਹੱਕਾਂ ਲਈ ਬੋਲਦੇ ਹਨ ਪਰ ਇਨ੍ਹਾਂ ਲੋਕਾਂ ਦੇ ਹੱਕਾਂ ਲਈ ਨਹੀਂ—
ਪ੍ਰਧਾਨ ਮੰਤਰੀ ਟਰੂਡੋ ਮੀਡੀਆ ਦੇ ਸਾਹਮਣੇ ਖੁਦ ਨੂੰ ਨਾਰੀਵਾਦੀ ਕਹਿ ਚੁੱਕੇ ਹਨ। ਉਹ ਸਮਲਿੰਗੀਆਂ ਦੇ ਹੱਕਾਂ ਲਈ ਵੀ ਬੋਲਦੇ ਹਨ ਪਰ ਸਾਊਦੀ ਅਰਬ, ਚੀਨ ਅਤੇ ਹੋਰ ਦੇਸ਼ਾਂ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਨਹੀਂ ਬੋਲਦੇ ਕਿਉਂਕਿ ਇਨ੍ਹਾਂ ਦੇਸ਼ਾਂ ਨਾਲ ਉਨ੍ਹਾਂ ਦੇ ਵਪਾਰਕ ਸੰਬੰਧ ਹਨ ਅਤੇ ਕੈਨੇਡਾ ਇਨ੍ਹਾਂ ਦੇਸ਼ਾਂ ਨੂੰ ਵੱਡੀ ਗਿਣਤੀ ਵਿਚ ਹਥਿਆਰ ਵੇਚਦਾ ਹੈ। ਟਰੂਡੋ ਨਾਰੀਵਾਦੀ ਹਨ ਪਰ ਕੈਨੇਡਾ ਵਿਚ ਔਰਤਾਂ ਅਤੇ ਪੁਰਸ਼ਾਂ ਦੀਆਂ ਤਨਖਾਹਾਂ ਵਿਚ ਵੱਡਾ ਅੰਤਰ ਹੈ। ਦੇਸ਼ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਦੀਆਂ ਸੇਵਾਵਾਂ ਵੀ ਬਹੁਤ ਮਹਿੰਗੀਆਂ ਹਨ। ਇੰਡੀਜੀਨੀਅਸ ਭਾਈਚਾਰੇ ਦੀਆਂ ਔਰਤਾਂ ਅਤੇ ਕੁੜੀਆਂ ਨੂੰ ਇਨਸਾਫ ਦਿਵਾਉਣ ਲਈ ਵੀ ਅਜੇ ਤੱਕ ਕੈਨੇਡਾ ਵਿਚ ਕੁਝ ਨਹੀਂ ਕੀਤਾ ਗਿਆ। 
 
4. ਟਰੂਡੋ ਦੇ ਫੈਸਲੇ ਨਾਲ ਵੱਡੀ ਗਿਣਤੀ ''ਚ ਉੱਜੜ ਜਾਣਗੇ ਲੋਕ—
ਟਰੂਡੋ ਜੇਕਰ ਕੱਚੇ ਤੇਲ ਵਾਲੇ ਖੇਤਰਾਂ ਦੀ ਖੋਦਾਈ ਦਾ ਕੰਮ ਕਰਵਾਉਂਦੇ ਹਨ ਤਾਂ ਇਥੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਉੱਜੜ ਕੇ ਦੂਜੀਆਂ ਥਾਵਾਂ ''ਤੇ ਜਾਣਾ ਪਵੇਗਾ। ਇਸ ਤੇਲ ਕਰਕੇ ਨਦੀਆਂ ਅਤੇ ਹਵਾ ਦੇ ਪ੍ਰਦੂਸ਼ਿਤ ਹੋਣ ਕਰਕੇ ਇੱਥੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਫੈਲਣ ਦਾ ਖਤਰਾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਇਨ੍ਹਾਂ ਲੋਕਾਂ ਦੀਆਂ ਸਿਹਤ ਸਹੂਲਤਾਂ ''ਤੇ ਖਰਚਾ ਹੋਵੇਗਾ। 
 
ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਟਰੂਡੋ ਨੇ ਭਾਵੇਂ ਬਹੁਤ ਸਾਰੇ ਚੰਗੇ ਕੰਮ ਕੀਤੇ ਹਨ ਪਰ ਇਨ੍ਹਾਂ ਮੁੱਦਿਆਂ ''ਤੇ ਉਨ੍ਹਾਂ ਦੀ ਸੋਚ ਅਤੇ ਰਾਇ ਮਹਾਨ ਨੇਤਾਵਾਂ ਵਰਗੀ ਨਹੀਂ ਹੈ। ਉਨ੍ਹਾਂ ਨੂੰ ਮਹਾਨ ਬਣਨ ਲਈ ਅਜੇ ਵੀ ਬਹੁਤ ਕੁਝ ਕਰਨਾ ਜ਼ਰੂਰੀ ਹੈ।

Kulvinder Mahi

This news is News Editor Kulvinder Mahi