ਜਸਟਿਨ ਟਰੂਡੋ ਨੇ ਜਰਮਨ ਯਹੂਦੀ ਸ਼ਰਨਾਰਥੀਆਂ ਤੋਂ ਮੰਗੀ ਮੁਆਫੀ

11/09/2018 11:42:07 AM

ਓਟਾਵਾ (ਏਜੰਸੀ)— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਸੰਸਦ ਵਿਚ ਖੜ੍ਹੇ ਹੋ ਕੇ ਯਹੂਦੀ ਸ਼ਰਨਾਰਥੀਆਂ ਤੋਂ ਮੁਆਫੀ ਮੰਗੀ। ਇਹ ਉਹੀ ਯਹੂਦੀ ਸ਼ਰਨਾਰਥੀ ਸਨ ਜਿਹੜੇ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਦੇ ਕੁਝ ਮਹੀਨੇ ਪਹਿਲਾਂ ਨਾਜ਼ੀ ਜਰਮਨੀ ਵਿਚੋਂ ਦੌੜ ਕੇ ਆਏ ਸਨ। ਐੱਮ.ਐੱਸ. ਸੇਂਟ ਲੁਈਸ ਜਹਾਜ਼ 15 ਮਈ 1939 ਨੂੰ ਜਰਮਨੀ ਤੋਂ ਰਵਾਨਾ ਹੋਇਆ ਸੀ, ਜਿਸ ਵਿਚ 907 ਜਰਮਨੀ ਯਹੂਦੀ ਸ਼ਰਨਾਰਥੀ ਸਵਾਰ ਸਨ। ਇਸ ਜਹਾਜ਼ ਨੇ ਅੰਧ ਮਹਾਸਾਗਰ ਪਾਰ ਕੀਤਾ ਹੀ ਸੀ ਕਿ ਉਸੇ ਵੇਲੇ ਅੰਗਰੇਜ਼ ਸਰਕਾਰ ਦੀਆਂ ਆਵਾਸ ਵਿਰੋਧੀ ਨੀਤੀਆਂ ਕਰ ਕੇ ਮੁਸਾਫਰਾਂ ਨੂੰ ਨਾ ਤਾਂ ਕਿਊਬਾ ਵਿਚ ਅਤੇ ਨਾ ਹੀ ਅਮਰੀਕਾ ਜਾਂ ਕੈਨੇਡਾ ਦੀ ਧਰਤੀ 'ਤੇ ਉਤਰਨ ਦਿੱਤਾ ਗਿਆ।

ਜਹਾਜ਼ ਨੂੰ ਵਾਪਸ ਯੂਰਪ ਮੁੜਨਾ ਪਿਆ ਤੇ ਬਹੁਤ ਸਾਰੇ ਮੁਸਾਫਰਾਂ ਨੂੰ ਨਾਜ਼ੀਆਂ ਦੇ ਤਸੀਹੇ ਕੈਂਪਾਂ ਵਿਚ ਸੁੱਟ ਦਿੱਤਾ ਗਿਆ। ਇਨ੍ਹਾਂ ਵਿਚੋਂ 254 ਯਹੂਦੀ ਕਤਲੇਆਮ ਵਿਚ ਮਾਰੇ ਗਏ ਸਨ। ਟਰੂਡੋ ਨੇ ਕੱਲ ਸੰਸਦ ਵਿਚ ਇਸ ਵਤੀਰੇ ਨੂੰ ਸ਼ਰਮਨਾਕ ਦੱਸਦਿਆਂ ਕਿਹਾ,''ਅੱਜ ਮੈਂ ਇਸ ਸਦਨ ਵਿਚ ਖੜ੍ਹਾ ਹੋ ਕੇ ਕੈਨੇਡਾ ਤੋਂ ਵਾਪਸ ਮੋੜੇ ਗਏ ਸ਼ਰਨਾਰਥੀਆਂ ਤੋਂ ਮੁਆਫੀ ਮੰਗਦਾਂ ਹਾਂ ਜੋ ਕਿ ਬਹੁਤ ਸਮਾਂ ਪਹਿਲਾਂ ਹੀ ਮੰਗ ਲਈ ਜਾਣੀ ਚਾਹੀਦੀ ਸੀ।'' ਉੱਧਰ ਟਰੂਡੋ ਦੀ ਪਾਰਟੀ ਨੇ ਵੀ ਇਸ ਮੁਆਫੀਨਾਮੇ ਦੀ ਹਮਾਇਤ ਕੀਤੀ ਹੈ।

Vandana

This news is Content Editor Vandana