ਆਸਟ੍ਰੇਲੀਆ ਦੀ ਸਾਬਕਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਰਾਜਨੀਤੀ ਨੂੰ ਕਹੇਗੀ 'ਅਲਵਿਦਾ'

02/21/2019 12:12:53 PM

ਸਿਡਨੀ, (ਏਜੰਸੀ)— ਆਸਟ੍ਰੇਲੀਆ ਦੀ ਸਾਬਕਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਐਲਾਨ ਕੀਤਾ ਹੈ ਕਿ ਉਹ ਰਾਜਨੀਤੀ ਛੱਡ ਦੇਵੇਗੀ। ਉਹ 2013 ਤੋਂ 2018 ਤਕ ਲਿਬਰਲ ਪਾਰਟੀ ਵਲੋਂ ਵਿਦੇਸ਼ ਮੰਤਰੀ ਰਹੀ ਹੈ। ਜੂਲੀ ਨੇ ਸੰਸਦ 'ਚ ਦੱਸਿਆ ਕਿ ਉਹ ਆਉਣ ਵਾਲੀਆਂ ਚੋਣਾਂ 'ਚ ਹਿੱਸਾ ਨਹੀਂ ਲਵੇਗੀ। ਉਸ ਨੇ ਮੌਰੀਸਨ ਸਰਕਾਰ 'ਤੇ ਪੂਰਾ ਭਰੋਸਾ ਜਤਾਇਆ।ਇਸ ਫੈਸਲੇ ਨਾਲ ਆਸਟ੍ਰੇਲੀਆ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਇਸ ਨਾਲ ਸਪੱਸ਼ਟ ਹੈ ਕਿ ਹੁਣ ਪੱਛਮੀ ਆਸਟ੍ਰੇਲੀਆ ਦੀ ਸੀਟ 'ਤੇ ਨਵਾਂ ਚਿਹਰਾ ਆਪਣੀ ਕਿਸਮਤ ਅਜਮਾਵੇਗਾ।

ਜੂਲੀ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਕੋਈ ਔਰਤ ਇਸ ਸੀਟ ਤੋਂ ਜਿੱਤੇ। ਇਸ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਵਿਰੋਧੀ ਧਿਰ ਦੇ ਨੇਤਾ ਬਿੱਲ ਸ਼ਾਰਟਨ ਨੇ ਜੂਲੀ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਲਈ ਵਧਾਈ ਦਿੱਤੀ। ਜੂਲੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਲਿਬਰਲ ਪਾਰਟੀ 'ਤੇ ਪੂਰਾ ਯਕੀਨ ਹੈ ਕਿ ਉਹ ਜ਼ਰੂਰ ਜਿੱਤੇਗੀ।

ਉਨ੍ਹਾਂ ਦੱਸਿਆ ਕਿ ਉਹ ਅਜਿਹੇ ਕਈ ਹੋਣਹਾਰ ਵਿਅਕਤੀਆਂ ਅਤੇ ਔਰਤਾਂ ਨੂੰ ਮਿਲੀ ਜੋ ਉਸ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੀ ਕਰਟਿਨ ਦੀ ਸੀਟ ਜਿੱਤਣ ਦੇ ਯੋਗ ਹਨ। ਉਸ ਨੇ ਆਉਣ ਵਾਲੇ ਜੇਤੂ ਨੇਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਜ਼ਿਕਰਯੋਗ ਹੈ ਕਿ ਜੂਲੀ ਨੇ ਕਰਟਿਨ ਤੋਂ 1998 'ਚ ਜਿੱਤ ਪ੍ਰਾਪਤ ਕੀਤਾ ਸੀ। ਉਸ ਨੇ ਕਿਹਾ ਕਿ ਇੱਥੇ 44.6 ਫੀਸਦੀ ਤੋਂ 65.6 ਫੀਸਦੀ ਤਕ ਵੋਟ ਸ਼ੇਅਰ ਹਾਸਲ ਕਰਨ ਲਈ ਉਸ ਨੇ ਸਖਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨੇ ਕੀਤੇ ਸਾਰੇ ਵਾਅਦੇ ਨਿਭਾਏ ਹਨ ਅਤੇ ਅੱਗੇ ਤੋਂ ਵੀ ਅਜਿਹਾ ਕਰਦੇ ਰਹਿਣਗੇ।