ਚੈਨਲ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਜ਼ਿਕਰ ਤੋਂ ਰੋਕਣ 'ਤੇ ਪੱਤਰਕਾਰ ਨੇ ਛੱਡਿਆ ਪ੍ਰੋਗਰਾਮ

10/05/2019 10:21:46 PM

ਲੰਡਨ (ਏਜੰਸੀ)- ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਹਿੰਦੂਆਂ ਦੀ ਰਾਖੀ ਲਈ ਦਿੱਤੀ ਸ਼ਹੀਦੀ ਅਤੇ ਮੁਗਲ ਬਾਦਸ਼ਾਹਾਂ ਦੁਆਰਾ ਕੀਤੇ ਜਾਂਦੇ ਜਬਰੀ ਧਰਮ ਪਰਿਵਰਤਨ ਦਾ ਜ਼ਿਕਰ ਕਰਨ ਤੋਂ ਇਕ ਇੰਗਲਿਸ਼ ਚੈਨਲ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਇਸ ਗੱਲ ਤੋਂ ਬੇਹੱਦ ਦੁਖੀ ਬਰਤਾਨੀਆ ਦੇ ਪਹਿਲੇ ਸਿੱਖ ਲੌਰਡ ਇੰਦਰਜੀਤ ਸਿੰਘ ਨੇ 35 ਸਾਲ ਤੋਂ ਚੱਲ ਰਿਹਾ ਰੇਡੀਓ ਪ੍ਰੋਗਰਾਮ ਛੱਡ ਦਿੱਤਾ। ਦੱਸ ਦਈਏ ਕਿ ਇਕ ਇੰਗਲਿਸ਼ ਚੈਨਲ ਦੇ ਰੇਡੀਓ-4 'ਤੇ ਪ੍ਰਸਾਰਤ ਹੁੰਦੇ ਪ੍ਰੋਗਰਾਮ 'ਥੌਟ ਆਫ ਦਿ ਡੇਅ' ਵਿਚ ਸਾਢੇ ਤਿੰਨ ਦਹਾਕੇ ਤੋਂ ਨਜ਼ਰ ਆ ਰਹੇ 87 ਸਾਲ ਦੇ ਲੌਰਡ ਇੰਦਰਜੀਤ ਸਿੰਘ ਨੇ ਚੈਨਲ 'ਤੇ ਪੱਖਪਾਤੀ ਰਵੱਈਆ ਅਪਨਾਉਣ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ 17ਵੀਂ ਸਦੀ 'ਚ ਮੁਗਲ ਬਾਦਸ਼ਾਹਾਂ ਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਅਤੇ ਇਸ ਚੀਜ਼ ਦਾ ਜ਼ਿਕਰ ਰੇਡੀਓ ਪ੍ਰੋਗਰਾਮ ਵਿਚ ਕੀਤਾ ਜਾਣਾ ਸੀ ਪਰ ਚੈਨਲ ਨੇ ਦਲੀਲ ਦਿੱਤੀ ਕਿ ਇਸ ਨਾਲ ਮੁਸਲਮਾਨ ਨਾਰਾਜ਼ ਹੋ ਸਕਦੇ ਹਨ, ਜਦੋਂ ਕਿ ਅਸਲੀਅਤ ਇਹ ਸੀ ਕਿ ਪ੍ਰੋਗਰਾਮ ਵਿਚ ਇਸਲਾਮ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ, ਜਦੋਂ ਪਿਛਲੇ ਹਫਤੇ ਚੈਨਲ ਦੀ ਭਾਰਤੀ ਮੂਲ ਦੀ ਐਂਕਰ ਨਾਨਾ ਮੁਨਚੇਤੀ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਓਧਰ ਲੌਰਡ ਇੰਦਰਜੀਤ ਸਿੰਘ ਨੇ ਕਿਹਾ ਕਿ ਚੈਨਲ ਵਲੋਂ ਗੁਰੂ ਸਾਹਿਬਾਨ ਦਾ ਜ਼ਿਕਰ ਕਰਨ ਤੋਂ ਰੋਕਣਾ ਇਉਂ ਲੱਗਦਾ ਹੈ, ਜਿਵੇਂ ਕਿਸੇ ਈਸਾਈ ਨੂੰ ਈਸਟਰ ਦਾ ਜ਼ਿਕਰ ਕਰਨ ਤੋਂ ਰੋਕਦਿਆਂ ਦਲੀਲ ਇਹ ਦਿੱਤੀ ਜਾਵੇ ਕਿ ਅਜਿਹਾ ਕਰਨਾ ਯਹੂਦੀਆਂ ਪ੍ਰਤੀ ਅਪਰਾਧ ਹੋਵੇਗਾ। ਲੌਰਡ ਇੰਦਰਜੀਤ ਸਿੰਘ ਨੇ ਚੈਨਲ ਵਲੋਂ ਅਪਣਾਏ ਰਵੱਈਏ ਪ੍ਰਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਸਿੱਖ ਧਰਮ ਨਾਲ ਸਬੰਧਿਤ ਅਹਿਮ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ ਤੋਂ ਰੋਕਿਆ ਗਿਆ।


Sunny Mehra

Content Editor

Related News