ਅਰਬਪਤੀਆਂ ਨੂੰ ਜਾਲ ''ਚ ਫਸਾਉਣ ਵਾਲੀਆਂ ਪੰਜਾਬੀ ਮੂਲ ਦੀਆਂ ਕੈਨੇਡੀਅਨ ਮਠਾਰੂ ਭੈਣਾਂ ਆਖਰ ਕਿੱਥੇ ਗਈਆਂ!

05/13/2017 5:43:43 PM

ਓਟਾਵਾ— ਕੈਨੇਡਾ ਦੀਆਂ ਪੰਜਾਬੀ ਮੂਲ ਦੀਆਂ ਮਠਾਰੂ ਭੈਣਾਂ, ਜੋ ਅਰਬਪਤੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਦੀਆਂ ਸਨ, ਆਖਰ ਕਿੱਥੇ ਗਾਇਬ ਹੋ ਗਈਆਂ ਹਨ। ਇਹ ਸਵਾਲ ਹਰ ਕਿਸੇ ਦੀਆਂ ਜ਼ੁਬਾਨ ''ਤੇ ਹੈ। ਅਸਲ ਵਿਚ ਲਾਗੋਸ, ਨਾਈਜੀਰੀਆ ਵਿਚ ਅਰਬਪਤੀਆਂ ਨੂੰ ਬਲੈਕਮੇਲ ਕਰਨ ਦੇ ਅਪਰਾਧਕ ਮਾਮਲੇ ਦੀ ਸੁਣਵਾਈ ਹੋਣ ਤੋਂ ਪਹਿਲਾਂ ਹੀ ਇਹ ਭੈਣਾਂ ਦੇਸ਼ ਛੱਡ ਕੇ ਗਾਇਬ ਹੋ ਗਈਆਂ ਸਨ। ਖਬਰਾਂ ਤਾਂ ਇਹ ਵੀ ਉੱਠ ਰਹੀਆਂ ਹਨ ਕਿ ਇਨ੍ਹਾਂ ਕੁੜੀਆਂ ਦੇ ਗਾਇਬ ਹੋਣ ਪਿੱਛੇ ਕੈਨੇਡੀਅਨ ਸਰਕਾਰ ਦਾ ਹੱਥ ਹੈ। ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜੋਤੀ ਅਤੇ ਕਿਰਨ ਮਠਾਰੂ ਨਾਮੀ ਇਨ੍ਹਾਂ ਭੈਣਾਂ ਦੀ ਸਹਾਇਤਾ ਕੈਨੇਡਾ ਦੀ ਸਰਕਾਰ ਨੇ ਕੀਤੀ ਹੋਵੇ। ਕਿਉਂਕਿ ਇਨ੍ਹਾਂ ਭੈਣਾਂ ਕੋਲ ਇੰਟਰਨੈਸ਼ਨਲ ਪਾਸਪੋਰਟ ਨਹੀਂ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੈਨੇਡੀਅਨ ਸਰਕਾਰ ਨੇ ਇਨ੍ਹਾਂ ਭੈਣਾਂ ਉਹ ਦਸਤਾਵੇਜ਼ ਜਾਰੀ ਕੀਤਾ, ਜਿਸ ਦੀ ਮਦਦ ਨਾਲ ਉਹ ਬਿਨਾਂ ਪਾਸਪੋਰਟ ਦੇ ਯਾਤਰਾ ਕਰਨ ਦੇ ਕਾਬਲ ਹੋ ਸਕੀਆਂ। ਹਾਲਾਂਕਿ ਕੈਨੇਡਾ ਸਰਕਾਰ ਦੀ ਭੂਮਿਕਾ ਬਾਰੇ ਕੀਤੇ ਗਏ ਇਹ ਦਾਅਵੇ ਸੱਚੇ ਹਨ ਜਾਂ ਝੂਠੇ ਇਨ੍ਹਾਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। 
ਇੱਥੇ ਦੱਸ ਦੇਈਏ ਕਿ ਜੋਤੀ ਅਤੇ ਕਿਰਨ ਅਮੀਰ ਵਿਅਕਤੀਆਂ ਨੂੰ ਆਪਣੇ ਹੁਸਨ ਦਾ ਸ਼ਿਕਾਰ ਬਣਾ ਕੇ ਫਸਾਉਂਦੀਆਂ ਸਨ ਅਤੇ ਫਿਰ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੀਆਂ ਸਨ। ਉਨ੍ਹਾਂ ਦਾ ਇਹ ਕਾਂਡ ਉਸ ਸਮੇਂ ਸਾਹਮਣੇ ਆਇਆ ਜਦੋਂ 200 ਤੋਂ ਵਧ ਪ੍ਰਸਿੱਧ ਹਸਤੀਆਂ ਨੂੰ ਸਾਈਬਰ ਧੱਕੇਸ਼ਾਹੀ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਬਿਜ਼ਨੈੱਸਮੈਨ ਫੇਮੀ ਓਟੇਡੋਲਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਹਿਲਾਂ ਫੇਮੀ ਨੂੰ ਆਪਣੇ ਜਾਲ ਵਿਚ ਫਸਾਇਆ ਅਤੇ ਫਿਰ ਕਿਹਾ ਕਿ ਉਹ ਉਸ ਦੀ ਪਤਨੀ ਅੱਗੇ ਉਸ ਦਾ ਪਰਦਾਫਾਸ਼ ਕਰ ਦੇਣਗੀਆਂ ਅਤੇ ਫਿਰ ਸਾਬਤ ਕਰ ਦੇਣਗੀਆਂ ਕਿ ਉਸ ਨੇ ਆਪਣੀ ਪਤਨੀ ਨਾਲ ਧੋਖਾ ਕੀਤਾ ਹੈ। ਦੋਹਾਂ ਭੈਣਾਂ ਨੇ ਫੇਮੀ ਕੋਲੋਂ ਮੋਟੀ ਰਕਮ ਦੀ ਮੰਗ ਕੀਤੀ। ਮਾਮਲਾ ਪੁਲਸ ਕੋਲ ਪੁੱਜਣ ਤੋਂ ਬਾਅਦ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਪੁਲਸ ਨੇ ਦੋਹਾਂ ਨੂੰ ਗ੍ਰਿ੍ਰਫਤਾਰ ਕਰ ਲਿਆ। ਇਨ੍ਹਾਂ ਦੋਹਾਂ ਨੇ ਇਕ ਵੀਡੀਓ ਜਾਰੀ ਕਰਕੇ ਪਛਤਾਵੇ ਦਾ ਪ੍ਰਗਟਾਵਾ ਵੀ ਕੀਤਾ ਸੀ ਅਤੇ ਪੀੜਤ ਪਰਿਵਾਰ ਤੋਂ ਮੁਆਫੀ ਵੀ ਮੰਗੀ ਸੀ। ਜ਼ਮਾਨਤ ''ਤੇ ਬਾਹਰ ਗਈਆਂ ਇਹ ਕੁੜੀਆਂ ਵਾਪਸ ਅਗਲੀ ਪੇਸ਼ੀ ਲਈ ਨਹੀਂ ਆਈਆਂ ਅਤੇ ਦੁਬਾਰਾ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ।

Kulvinder Mahi

This news is News Editor Kulvinder Mahi