ਆਸਟ੍ਰੇਲੀਆਈ ਪੁਲਸ ਦੇ ਹੱਥ ਲੱਗਾ ਮੋਸਟ ਵਾਂਟਡ ਕਾਤਲ

08/19/2019 3:15:26 PM

ਸਿਡਨੀ— ਆਸਟ੍ਰੇਲੀਆ ਦੇ ਮੋਸਟ ਵਾਂਟਡ ਕਾਤਲ ਜੋਨਾਥਨ ਡਿਕ ਨੂੰ ਸਥਾਨਕ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਉਸ ਨੂੰ ਲਗਭਗ 2 ਸਾਲਾਂ ਦੀ ਭੱਜ-ਦੌੜ ਮਗਰੋਂ ਹਿਰਾਸਤ 'ਚ ਲਿਆ ਗਿਆ। ਦੋਸ਼ ਹੈ ਕਿ ਉਸ ਨੇ ਮੈਲਬੌਰਨ ਦੇ ਇਕ ਵੱਡੇ ਸ਼ਾਪਿੰਗ ਸੈਂਟਰ 'ਚ ਆਪਣੇ ਭਰਾ ਡੇਵਿਡ ਡਿੱਕ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਸੋਮਵਾਰ ਸਵੇਰੇ 7.50 'ਤੇ ਉਸ ਨੂੰ ਸਿਟੀ ਸੈਂਟਰ ਤੋਂ ਹਿਰਾਸਤ 'ਚ ਲਿਆ। ਪਿਛਲੇ ਸਾਲ ਪੁਲਸ ਨੇ ਉਸ ਦੀ ਸੂਚਨਾ ਦੇਣ ਵਾਲੇ ਨੂੰ 1,00000 ਆਸਟ੍ਰੇਲੀਆਈ ਡਾਲਰਾਂ ਦਾ ਇਨਾਮ ਰੱਖਿਆ ਸੀ।
ਫਰਵਰੀ 2017 ਤੋਂ ਪੁਲਸ ਉਸ ਨੂੰ ਲੱਭ ਰਹੀ ਸੀ, ਜਦੋਂ ਉਹ ਆਪਣੇ ਭਰਾ 'ਤੇ ਜਾਨਲੇਵਾ ਹਮਲਾ ਕਰਕੇ ਭੱਜ ਗਿਆ ਸੀ। ਇਸ ਮਗਰੋਂ ਉਸ ਦੇ ਭਰਾ ਦੀ ਮੌਤ ਹੋ ਗਈ। ਆਸਟ੍ਰੇਲੀਆ ਦੇ 10 ਮੋਸਟ ਵਾਂਟਡ ਕਾਤਲਾਂ 'ਚ ਇਸ ਦਾ ਵੀ ਨਾਂ ਸ਼ਾਮਲ ਹੈ ਤੇ ਲੋਕਾਂ ਨੂੰ ਇਸ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਵੀ ਦਿੱਤੀ ਗਈ ਸੀ। 

ਪੁਲਸ ਨੂੰ ਸ਼ੱਕ ਸੀ ਕਿ ਉਹ ਇਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚਲਾ ਗਿਆ ਹੋਵੇਗਾ। ਜਾਣਕਾਰੀ ਮੁਤਾਬਕ ਇਕ ਮਸ਼ਹੂਰ ਸੈਲਾਨੀ ਸਥਾਨ ਹੋਜ਼ਿਰ ਲੇਨ 'ਤੇ ਦੋ ਵਿਅਕਤੀਆਂ ਨਾਲ ਉਸ ਦੀ ਲੜਾਈ ਹੋ ਰਹੀ ਸੀ ਤੇ ਉਸ ਦੇ ਚਿਹਰੇ 'ਤੇ ਖੂਨ ਲੱਗਾ ਸੀ। ਉਹ ਪੁਲਸ ਤੋਂ ਬਚ ਕੇ ਦੌੜ ਰਿਹਾ ਸੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਦੱਸਿਆ ਕਿ ਦੋ ਵਿਅਕਤੀ ਜ਼ਖਮੀ ਹਾਲਤ 'ਚ ਹਨ। ਇਨ੍ਹਾਂ ਵਿਚਕਾਰ ਲੜਾਈ ਕਿਨ੍ਹਾਂ ਕਾਰਨਾਂ ਕਰਕੇ ਹੋਈ, ਇਸ ਬਾਰੇ ਅਜੇ ਪਤਾ ਨਹੀਂ ਲੱਗਾ।