ਸੰਯੁਕਤ ਮਿਲਟਰੀ ਅਭਿਆਸ ਬੰਦ ਕਰਨ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ : ਚੀਨ

03/13/2018 2:32:52 PM

ਬੀਜਿੰਗ (ਭਾਸ਼ਾ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉੱਤਰੀ ਕੋਰੀਆ, ਅਮਰੀਕਾ ਅਤੇ ਦੱਖਣੀ ਕੋਰੀਆ ਵਿਚਕਾਰ ਹੋਣ ਵਾਲੀ ਗੱਲਬਾਤ ਬਿਨਾ ਕਿਸੇ ਰੁਕਾਵਟ ਦੇ ਪੂਰੀ ਹੋਵੇਗੀ। ਇਸ ਦੇ ਨਾਲ ਹੀ ਪਿਅੋਂਗਯਾਂਗ ਦੇ ਪਰਮਾਣੂ ਨਿਸ਼ਸਤਰੀਕਰਣ ਦੀ ਦਿਸ਼ਾ ਵਿਚ ਤਰੱਕੀ ਹੋਵੇਗੀ। ਸਰਕਾਰੀ ਗੱਲਬਾਤ ਕਮੇਟੀ ਦੀ ਖਬਰ ਮੁਤਾਬਕ ਸ਼ੀ ਨੇ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਈ. ਯੂ. ਯੰਗ ਦੇ ਨਾਲ ਮੰਗਲਵਾਰ ਨੂੰ ਹੋਈ ਬੈਠਕ ਵਿਚ ਇਹ ਟਿੱਪਣੀ ਕੀਤੀ। ਚੁੰਗ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਬੀਤੇ ਹਫਤੇ ਹੋਈ ਗੱਲਬਾਤ ਬਾਰੇ ਸ਼ੀ ਨੂੰ ਜਾਣੂ ਕਰਵਾਉਣ ਲਈ ਚੀਨ ਆਏ ਹੋਏ ਹਨ। 
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਪ੍ਰੈਲ ਦੇ ਅੰਤ ਵਿਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਸਿਵਲ ਜ਼ੋਨ ਵਿਚ ਮਿਲਣ ਲਈ ਸਹਿਮਤ ਹੋਏ ਹਨ। ਜਦਕਿ ਟਰੰਪ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਮਈ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ। ਸ਼ੀ ਨੇ ਕਿਹਾ,''ਅਸੀਂ ਉਮੀਦ ਕਰਦੇ ਹਾਂ ਕਿ ਡੀ. ਪੀ. ਆਰ. ਕੇ-ਆਰ. ਓ. ਕੇ. ਸੰਮੇਲਨ ਅਤੇ ਡੀ. ਪੀ. ਆਰ. ਕੇ-ਯੂ. ਐੱਸ. ਗੱਲਬਾਤ ਬਿਨਾ ਕਿਸੇ ਰੁਕਾਵਟ ਪੂਰੀ ਹੋਵੇਗੀ।'' 
ਉੱਤਰੀ ਕੋਰੀਆ ਦਾ ਪੂਰਾ ਨਾਂ ਕੋਰੀਆ ਜਨਵਾਦੀ ਲੋਕਤੰਤਰੀ ਗਣਰਾਜ (ਡੀ. ਪੀ. ਆਰ. ਕੇ.) ਅਤੇ ਦੱਖਣੀ ਕੋਰੀਆ ਦਾ ਰਮਸੀ ਨਾਮ ਕੋਰੀਆ ਗਣਰਾਜ ਹੈ। ਸ਼ੀ ਨੇ ਉਮੀਦ ਜ਼ਾਹਰ ਕੀਤੀ ਕਿ ਗੱਲਬਾਤ ਨਾਲ ਕੋਰੀਆਈ ਪ੍ਰਾਇਦੀਪ ਦੇ ਨਿਸ਼ਸਤਰੀਕਰਣ ਅਤੇ ਇਸ ਵਿਚ ਸ਼ਾਮਲ ਦੇਸ਼ਾਂ ਦੇ ਸੰਬੰਧਾਂ ਨੂੰ ਸਧਾਰਨ ਬਣਾਉਣ ਦੀ ਦਿਸ਼ਾ ਵਿਚ ਠੋਸ ਤਰੱਕੀ ਹੋਵੇਗੀ। ਚੀਨ ਨੇ ਇਸ ਸੰਬੰਧ ਵਿਚ 'ਡਿਅੂਲ ਟ੍ਰੈਕ' ਦੀ ਗੱਲ ਕੀਤੀ ਹੈ, ਜਿਸ ਵਿਚ ਪਰਮਾਣੂ ਨਿਸ਼ਸਤਰੀਕਰਣ ਦੇ ਨਾਲ-ਨਾਲ ਸ਼ਾਂਤੀ ਪ੍ਰਕਿਰਿਆ ਸਥਾਪਿਤ ਕੀਤੀ ਜਾਵੇ। ਦੇਸ਼ ਨੇ ''ਸਸਪੈਂਨਸ਼ਨ ਫੌਰ ਸਸਪੈਨਸ਼ਨ'' ਦੀ ਯੋਜਨਾ ਦੀ ਗੱਲ ਕੀਤੀ ਹੈ, ਜਿਸ ਵਿਚ ਉੱਤਰੀ ਕੋਰੀਆ ਵੱਲੋਂ ਪਰਮਾਣੂ ਅਤੇ ਮਿਜ਼ਾਈਲ ਪਰੀਖਣ ਰੋਕੇ ਜਾਣ ਦੇ ਬਦਲੇ ਵਿਚ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਆਪਣੇ ਸੰਯੁਕਤ ਮਿਲਟਰੀ ਅਭਿਆਸਾਂ ਨੂੰ ਬੰਦ ਕਰਨਗੇ।