ਮੈਕਰੋਂ ਨਾਲ ਬ੍ਰੈਗਜ਼ਿਟ ''ਤੇ ਗੱਲ ਕਰਨਗੇ ਬ੍ਰਿਟੇਨ ਦੇ ਪੀ. ਐੱਮ.

08/22/2019 3:19:22 PM

ਬਰਲਿਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਨੂੰ ਪੈਰਿਸ ਪੁੱਜੇ, ਜਿੱਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਮੁਲਾਕਾਤ ਕਰਕੇ ਬ੍ਰੈਗਜ਼ਿਟ 'ਤੇ ਗੱਲ ਕਰਨਗੇ। ਇਸ ਤੋਂ ਇਕ ਹੀ ਦਿਨ ਪਹਿਲਾਂ ਜਰਮਨੀ ਨੇ ਬ੍ਰਿਟੇਨ ਨੂੰ ਆਸ ਦੀ ਕਿਰਣ ਦਿਖਾਈ ਸੀ ਕਿ 'ਬਿਨਾ ਸਮਝੌਤੇ' ਦੇ ਬ੍ਰੈਗਜ਼ਿਟ ਤੋਂ ਬਚਣ ਲਈ ਕਿਸੇ ਸਮਝੌਤੇ 'ਤੇ ਪੁੱਜਿਆ ਜਾ ਸਕਦਾ ਹੈ। ਜਾਨਸਨ ਪ੍ਰਧਾਨ ਮੰਤਰੀ ਦੇ ਤੌਰ 'ਤੇ ਅਹੁਦਾ ਸੰਭਾਲਣ ਦੇ ਬਾਅਦ ਆਪਣੀ ਵਿਦੇਸ਼ ਯਾਤਰਾ ਦੇ ਦੂਜੇ ਪੜਾਅ 'ਚ ਐਲਿਸੀ ਭਵਨ 'ਚ ਮੈਕਰੋਂ ਨਾਲ ਮੁਲਾਕਾਤ ਕਰਨਗੇ। ਉਹ ਇਹ ਸੰਦੇਸ਼ ਦੇਣਗੇ ਕਿ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਪ੍ਰਕਿਰਿਆ ਦੇ ਤੱਤਾਂ 'ਤੇ ਫਿਰ ਤੋਂ ਗੱਲ ਹੋਣੀ ਚਾਹੀਦੀ ਹੈ। ਜਾਨਸਨ ਲਈ ਜਰਮਨੀ ਦੇ ਮੁਕਾਬਲੇ ਫਰਾਂਸ 'ਚ ਇਸ ਮਾਮਲੇ 'ਤੇ ਗੱਲ ਕਰਨਾ ਮੁਸ਼ਕਲ ਹੋਵੇਗਾ। 

ਮੈਕਰੋਂ ਨੇ ਬੁੱਧਵਾਰ ਨੂੰ ਜਾਨਸਨ ਦੀ ਮੰਗ ਖਾਰਜ ਕਰ ਦਿੱਤੀ ਸੀ ਕਿ ਈ. ਯੂ. ਆਇਰਸ਼ ਸਰਹੱਦ 'ਤੇ ਗੱਲ ਫਿਰ ਤੋਂ ਸ਼ੁਰੂ ਕਰੇ। ਮੈਕਰੋਂ ਨੇ ਕਿਹਾ ਸੀ ਕਿ ਈ. ਯੂ. ਹਮੇਸ਼ਾ ਇਸ ਗੱਲ ਨੂੰ ਲੈ ਕੇ ਸਪੱਸ਼ਟ ਰਿਹਾ ਹੈ ਕਿ ਉਹ ਸਹਿਮਤ ਨਹੀਂ ਹੋਵੇਗਾ। ਤਿੰਨੋਂ ਯੂਰਪੀ ਨੇਤਾ ਵੀਕਐਂਡ 'ਤੇ ਫਰਾਂਸ 'ਚ ਆਯੋਜਿਤ ਜੀ-7 ਸਿਖਰ ਸੰਮੇਲਨ 'ਚ ਕੈਨੇਡਾ, ਇਟਲੀ ਅਤੇ ਜਾਪਾਨ ਦੇ ਨੇਤਾਵਾਂ ਅਤੇ ਬ੍ਰੈਗਜ਼ਿਟ ਅਤੇ ਜਾਨਸਨ ਦੇ ਮੁੱਖ ਸਮਰਥਕ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਜਾਨਸਨ ਇਸ ਗੱਲ 'ਤੇ ਅੜੇ ਹੋਏ ਹਨ ਕਿ ਉਹ ਉਸ ਬੈਕਸਟਾਪ ਸਰਹੱਦ ਯੋਜਨਾ ਨੂੰ ਸਵਿਕਾਰ ਨਹੀਂ ਕਰਨਗੇ ਜਿਸ 'ਚ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਕਾਰਜਕਾਲ 'ਚ ਸਹਿਮਤੀ ਹੋਈ ਸੀ। ਉਨ੍ਹਾਂ ਕਿਹਾ ਸੀ ਕਿ ਬ੍ਰਿਟੇਨ 31 ਅਕਤਬੂਰ ਨੂੰ ਈ. ਯੂ. ਤੋਂ ਬਾਹਰ ਹੋ ਜਾਵੇਗਾ, ਭਾਵੇਂ ਕਿ ਇਸ ਨਾਲ ਆਰਥਿਕ ਉਥਲ-ਪੁਛਲ ਵੀ ਕਿਉਂ ਨਾ ਹੋਵੇ। ਬੈਕਸਟਾਪ ਯੋਜਨਾ ਯੂਰਪੀ ਸੰਘ ਦੇ ਮੈਂਬਰ ਆਇਰਲੈਂਡ ਅਤੇ ਬ੍ਰਿਟਿਸ਼ ਸੂਬੇ ਉੱਤਰੀ ਆਇਰਲੈਂਡ ਵਿਚਕਾਰ ਸਰਹੱਦ ਨੂੰ ਖੁੱਲ੍ਹਾ ਰੱਖਣ ਦਾ ਤੰਤਰ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਬ੍ਰਿਟੇਨ ਨੂੰ ਅਸਥਾਈ ਰੂਪ ਨਾਲ ਈ. ਯੂ. ਕਸਟਮ ਸੰਘ 'ਚ ਰੱਖੇਗੀ।