ਬਾਈਡੇਨ ਨੇ ਏਸ਼ੀਆਈ ਲੋਕਾਂ ਖ਼ਿਲਾਫ਼ ਹੋ ਰਹੀ ਹਿੰਸਾ ਨਾਲ ਨਜਿੱਠਣ ਲਈ ਕੀਤੀ ਇਹ ਘੋਸ਼ਣਾ

03/31/2021 5:59:27 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਏਸ਼ੀਆਈ ਅਮਰੀਕੀਆਂ ਖ਼ਿਲਾਫ਼ ਹਿੰਸਾ ਅਤੇ ਵਿਦੇਸ਼ੀਆਂ ਤੋਂ ਨਫਰਤ ਦੀ ਭਾਵਨਾ ਨਾਲ ਨਜਿੱਠਣ ਲਈ ਵਧੀਕ ਕਦਮਾਂ ਦੀ ਘੋਸ਼ਣਾ ਕੀਤੀ ਹੈ। ਮੰਗਲਵਾਰ ਨੂੰ ਹੋਈਆਂ ਇਹਨਾਂ ਘੋਸ਼ਣਾਵਾਂ ਵਿਚ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਸਮੂਹ ਵਸਨੀਕਾਂ (ਏ.ਏ.ਪੀ.ਆਈ.) 'ਤੇ ਵ੍ਹਾਈਟ ਹਾਊਸ ਦੀ ਪਹਿਲ ਨੂੰ ਮੁੜ ਸ਼ੁਰੂ ਅਤੇ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਪਹਿਲ ਦਾ ਉਦੇਸ਼ ਏਸ਼ੀਆਈ ਲੋਕਾਂ ਖ਼ਿਲਾਫ਼ ਵਿਤਕਰੇ ਅਤੇ ਹਿੰਸਾ ਨਾਲ ਨਜਿੱਠਣਾ ਹੈ। 

ਬਾਈਡੇਨ ਨੇ ਟਵੀਟ ਕੀਤਾ,''ਅਸੀਂ ਏਸ਼ੀਆਈ ਅਮਰੀਕੀਆਂ ਖ਼ਿਲਾਫ਼ ਹਿੰਸਾ ਵਧਣ 'ਤੇ ਚੁੱਪ ਨਹੀਂ ਬੈਠ ਸਕਦੇ। ਇਸ ਲਈ ਅੱਜ ਮੈਂ ਏਸ਼ੀਆਈ ਵਿਰੋਧੀ ਅਪਰਾਧਾਂ ਨਾਲ ਨਜਿੱਠਣ ਲਈ ਨਿਆਂ ਵਿਭਾਗ ਵਿਚ ਇਕ ਪਹਿਲ ਸ਼ੁਰੂ ਕਰਨ ਸਮੇਤ ਵਾਧੂ ਕਦਮ ਚੁੱਕਣ ਜਾ ਰਿਹਾ ਹਾਂ। ਇਹ ਹਮਲੇ ਗਲਤ ਹਨ, ਅਮਰੀਕਾ ਦੀ ਭਾਵਨਾ ਦੇ ਵਿਰੁੱਧ ਹਨ ਅਤੇ ਇਹਨਾਂ ਨੂੰ ਰੋਕਣਾ ਹੋਵੇਗਾ।'' ਬਾਈਡੇਨ ਨੇ ਕਿਹਾ ਕਿ ਏਸ਼ੀਆਈ ਲੋਕਾਂ ਦੇ ਖ਼ਿਲਾਫ਼ ਹਿੰਸਾ ਅਤੇ ਵਿਦੇਸ਼ੀਆਂ ਤੋਂ ਨਫਰਤ ਦੀ ਭਾਵਨਾ ਗਲਤ ਹੈ ਅਤੇ ਇਸ ਨੂੰ ਰੋਕਣਾ ਹੋਵੇਗਾ। ਨਾਲ ਹੀ ਉਹਨਾਂ ਨੇ ਏਸ਼ੀਆਈ ਅਮਰੀਕੀਆਂ ਖ਼ਿਲਾਫ਼ ਨਫਰਤ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਕੋਵਿਡ-19 ਨਿਰਪੱਖਤਾ ਕਾਰਜ ਬਲ ਕਮੇਟੀ ਗਠਿਤ ਕਰਨ ਦੀ ਵੀ ਘੋਸ਼ਣਾ ਕੀਤੀ। 

ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਕੀਤਾ,''ਸਾਡੇ ਵਿਚੋਂ ਕਿਸੇ ਇਕ ਨੂੰ ਵੀ ਨੁਕਸਾਨ ਪਹੁੰਚਾਉਣਾ ਸਾਨੂੰ ਸਾਰਿਆਂ ਨੂੰ ਨੁਕਸਾਨ ਪਹੁੰਚਾਉਣਾ ਹੈ।'' ਹੈਰਿਸ ਨੇ ਕਿਹਾ,''ਰਾਸ਼ਟਰਪਤੀ ਅਤੇ ਮੈਂ ਚੁੱਪ ਨਹੀਂ ਬੈਠਾਂਗੇ ਅਤੇ ਇਸ ਲਈ ਸਾਡਾ ਪ੍ਰਸ਼ਾਸਨ ਏਸ਼ੀਆਈ ਅਮਰੀਕੀ ਭਾਈਚਾਰੇ ਖ਼ਿਲਾਫ਼ ਵੱਧਦੀ ਹਿੰਸਾ ਨਾਲ ਨਜਿੱਠਣ ਲਈ ਕਦਮ ਚੁੱਕ ਰਿਹਾ ਹੈ ਜਿਸ ਵਿਚ ਏਸ਼ੀਆਈ ਲੋਕਾਂ ਖ਼ਿਲਾਫ਼ ਹਿੰਸਾ ਨਾਲ ਨਜਿੱਠਣ ਦੀ ਇਕ ਪਹਿਲ ਸ਼ਾਮਲ ਹੈ।''

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਅਮਰੀਕਾ 'ਚ ਪਹਿਲੀ ਵਾਰ ਕੋਈ ਮੁਸਲਿਮ ਬਣੇਗਾ ਸੰਘੀ ਜੱਜ

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਗਾਮੀ ਹਫ਼ਤਿਆਂ ਵਿਚ ਪ੍ਰਸ਼ਾਸਨ ਏ.ਏ.ਪੀ.ਆਈ. ਨੇਤਾਵਾਂ ਨਾਲ ਮੁਲਾਕਾਤ ਕਰੇਗਾ ਅਤੇ ਇਸ 'ਤੇ ਵਿਚਾਰ ਸੁਣੇਗਾ ਕਿ ਕਿਵੇਂ ਉਹ ਭਾਈਚਾਰੇ ਵਿਚ ਰਚਨਾਤਮਕ ਭੂਮਿਕਾ ਨਿਭਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਬਾਈਡੇਨ ਏ.ਏ.ਪੀ.ਆਈ. ਭਾਈਚਾਰੇ ਦੇ ਇਕ ਉੱਚ ਪੱਧਰੀ ਏਸ਼ੀਆਈ ਅਮਰੀਕੀ ਮੈਂਬਰ ਨੂੰ ਵ੍ਹਾਈਟ ਹਾਊਸ ਵਿਚ ਕਿਸੇ ਅਹੁਦੇ ਲਈ ਨਾਮਜ਼ਦ ਕਰਨਗੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana