ਖੁਸ਼ੀਆਂ ਨਹੀਂ ਚੜ੍ਹੀਆਂ ਪਰਵਾਨ, ਆਸਟਰੇਲੀਆ 'ਚ ਪੰਜਾਬੀ ਨੌਜਵਾਨ ਦੀ ਮੌਤ

01/05/2019 6:07:24 PM

ਐਡੀਲੇਡ (ਭਾਸ਼ਾ)— ਕਾਲਜ ਦੀ ਡਿਗਰੀ ਲੈਣ ਦੀ ਖੁਸ਼ੀ ਵੱਖਰੀ ਹੀ ਹੁੰਦੀ ਹੈ ਪਰ ਆਸਟਰੇਲੀਆ 'ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਇਹ ਖੁਸ਼ੀ ਸ਼ਾਇਦ ਉਸ ਦੀ ਜ਼ਿੰਦਗੀ ਦੀ ਆਖਰੀ ਖੁਸ਼ੀ ਸੀ। ਬੀਤੇ ਦਿਨ ਇਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਗੋਲਡਨ ਗਰੋਵ ਇਲਾਕੇ 'ਚ ਪੰਜਾਬੀ ਮੂਲ ਦੇ ਜਤਿੰਦਰ ਸਿੰਘ ਬਰਾੜ (25) ਦੀ ਮੌਤ ਦੀ ਖਬਰ ਨੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਉਹ 2012 'ਚ ਵਿਦਿਆਰਥੀ ਵੀਜ਼ੇ 'ਤੇ ਫਲਿੰਡਰ ਯੂਨੀਵਰਸਿਟੀ ਵਿੱਚ ਅਕਾਊਂਟਿੰਗ ਦੀ ਮਾਸਟਰਜ਼ ਡਿਗਰੀ ਕਰਨ ਲਈ ਆਸਟਰੇਲੀਆ ਆਇਆ ਸੀ। ਤਕਰੀਬਨ ਚਾਰ ਮਹੀਨੇ ਪਹਿਲਾਂ ਉਸ ਦੀ ਡਿਗਰੀ ਪੂਰੀ ਹੋਈ ਸੀ ਤੇ ਉਹ ਵੂਲਵਰਥ ਵਿੱਚ ਡਲਿਵਰੀ ਟਰੱਕ ਚਲਾਉਣ ਦਾ ਕੰਮ ਕਰਦਾ ਸੀ।

ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਟਰੱਕ 'ਤੇ ਡਲਿਵਰੀ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਇਕ ਗੱਡੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਈ ਉਸ ਦੇ ਟਰੱਕ ਵਿੱਚ ਆ ਕੇ ਵੱਜੀ। ਹਾਦਸੇ 'ਚ ਜਤਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ 24 ਸਾਲਾ ਡਰਾਈਵਰ ਲੜਕੀ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਤੇ ਹਾਦਸੇ 'ਚ ਹੋਈ ਮੌਤ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਲੜਕੀ ਹਾਦਸੇ ਮਗਰੋਂ ਗੱਡੀ ਛੱਡ ਕੇ ਦੌੜ ਗਈ ਸੀ ਪਰ ਪੁਲਸ ਨੇ ਉਸ ਨੂੰ ਫੜ ਲਿਆ। ਪੁਲਸ ਮੁਤਾਬਕ ਹਾਦਸੇ 'ਚ ਸ਼ਾਮਲ ਵਾਹਨ ਚੋਰੀ ਦਾ ਸੀ ਅਤੇ ਪੁਲਸ ਇਸ ਦਾ ਪਿੱਛਾ ਕਰ ਰਹੀ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 11.45 ਪੋਰਟ ਵੇਕਫੀਲਡ ਰੋਡ 'ਤੇ ਇਹ ਹਾਦਸਾ ਵਾਪਰਿਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜਤਿੰਦਰ ਦਾ ਟਰੱਕ ਉਲਟਿਆ ਹੋਇਆ ਹੈ ਅਤੇ ਪੁਲਸ ਅਧਿਕਾਰੀ ਇੱਥੇ ਮੌਜੂਦ ਹਨ। ਲੋਕਾਂ ਨੇ ਦੱਸਿਆ ਕਿ ਜਤਿੰਦਰ ਦੇ ਟਰੱਕ 'ਚ ਕਾਰ ਵੱਜਣ ਕਾਰਨ ਇਹ ਦਰਖੱਤ 'ਚ ਵੱਜਾ ਤੇ ਫਿਰ ਕਈ ਵਾਰ ਘੁੰਮਣ ਮਗਰੋਂ ਉਲਟ ਗਿਆ। ਟਰੱਕ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਜਤਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।