''ਅਟਵਾਲ ਮਾਮਲੇ ''ਚ ਭਾਰਤ ''ਤੇ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਵੇ ਕੈਨੇਡਾ ਸਰਕਾਰ''

03/23/2018 1:54:38 AM

ਓਟਾਵਾ— ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਸਰਕਾਰ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਉਸ ਬਿਆਨ ਨੂੰ ਲੈ ਕੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਸਰਕਾਰ ਵਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਭਾਰਤ ਦੌਰੇ ਦੌਰਾਨ ਖਾਲਿਸਤਾਨ ਦਾ ਮੁੱਦਾ ਚੁੱਕ ਕੇ ਸ਼ਰਮਸਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਵਿਰੋਧੀ ਪਾਰਟੀ ਲੀਡਰ ਐਂਡਰਿਊ ਸ਼ੀਅਰ ਦੇ ਬੁਲਾਰੇ ਜੇਕ ਐਨਰਿਕ ਨੇ ਕਿਹਾ ਕਿ ਇਸ ਮਾਮਲੇ ਨੂੰ ਨੋਟਿਸ 'ਚ ਰੱਖਿਆ ਗਿਆ ਹੈ। ਕੰਜ਼ਰਵੇਟਿਵ ਪਾਰਟੀ ਇਸ 'ਤੇ ਚਰਚਾ ਕਰਨਾ ਚਾਹੁੰਦੀ ਹੈ ਤੇ ਹਾਊਸ ਆਫ ਕਾਮਨਸ 'ਚ ਇਸ 'ਤੇ ਵੋਟਿੰਗ ਵੀ ਕਰਨਾ ਚਾਹੁੰਦੀ ਹੈ। ਇਹ ਨੋਟਿਸ ਜਸਪਾਲ ਅਟਵਾਲ ਵਿਵਾਦ ਨਾਲ ਸਬੰਧਿਤ ਹੈ, ਜਿਸ 'ਤੇ 1987 'ਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਸਨ, ਜਿਸ ਦੇ ਮੁੰਬਈ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਈ ਰੱਖੀ ਗਈ ਡਿਨਰ ਪਾਰਟੀ 'ਚ ਸ਼ਾਮਲ ਹੋਣ ਮਗਰੋਂ ਵਿਵਾਦ ਖੜ੍ਹਾ ਹੋ ਗਿਆ। 
ਇਸੇ ਵਿਵਾਦ ਨੂੰ ਦੇਖਦੇ ਹੋਏ ਦਿੱਲੀ 'ਚ ਟਰੂਡੋ ਦੀ ਮੇਜ਼ਬਾਨੀ 'ਚ ਰੱਖੀ ਪਾਰਟੀ 'ਚ ਉਨ੍ਹਾਂ ਦਾ ਸੱਦਾ ਰੱਦ ਕਰ ਦਿੱਤਾ ਗਿਆ। ਇਹ ਵਿਵਾਦ ਉਦੋਂ ਹੋਰ ਜ਼ਿਆਦਾ ਵਧ ਗਿਆ ਜਦੋਂ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਡੈਨੀਅਲ ਜੀਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਸ਼ਰਮਸਾਰ ਕਰਨ ਪਿੱਛੇ ਭਾਰਤੀ ਸਰਕਾਰ ਦਾ ਹੱਥ ਦੱਸਿਆ ਤੇ ਟਰੂਡੋ ਨੇ ਵੀ ਇਸ ਨੂੰ ਸਹੀ ਦੱਸਿਆ ਸੀ। ਇਸ ਤੋਂ ਕੁਝ ਦਿਨ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਨਾ ਫ੍ਰੀਲੈਂਡ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਆਪਣੀ ਹਮਰੁਤਬਾ ਸੁਸ਼ਮਾ ਸਵਰਾਜ ਨੂੰ ਅਟਵਾਲ ਸੱਦੇ ਦੀ ਆਪਣੀ ਗਲਤੀ ਬਾਰੇ ਦੱਸਿਆ ਹੈ। ਫ੍ਰੀਲੈਂਡ ਦੇ ਇਸ ਬਿਆਨ 'ਤੇ ਵੀ ਵਿਰੋਧੀ ਧਿਰ ਨੇ ਨੋਟਿਸ ਲਿਆ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਜੀਨ ਨੂੰ ਆਪਣੇ ਦਾਅਵੇ ਨੂੰ ਜਨਤਕ ਤੌਰ ਸਿੱਧ ਕਰਨਾ ਚਾਹੀਦਾ ਹੈ।
ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਹੀ ਵਿਰੋਧੀ ਧਿਰ ਵਲੋਂ ਜੀਨ ਨੂੰ ਹਾਊਸ ਆਫ ਕਾਮਨਸ ਦੀ ਕੌਮੀ ਸੁਰੱਖਿਆ ਦੇ ਸਾਹਮਣੇ ਗਵਾਹੀ ਦੇਣ ਤੋਂ ਰੋਕ ਦਿੱਤਾ। ਕੈਨੇਡੀਅਨ ਸਰਕਾਰ ਨੇ ਦਲੀਲ ਦਿੱਤੀ ਕਿ ਐਨ.ਐਸ.ਏ. ਵਲੋਂ ਅਜਿਹੀ ਕਿਸੇ ਵੀ ਗਵਾਹੀ ਨੂੰ ਬੰਦ ਦਰਵਾਜ਼ੇ ਪਿੱਛੇ ਕਮੇਟੀ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਜਦਕਿ ਕੰਜ਼ਰਵੇਟਿਵ ਪਾਰਟੀ ਨੇ ਇਕ ਜਨਤਕ ਸੁਣਵਾਈ ਦੀ ਮੰਗ ਕੀਤੀ ਸੀ।