ਜਾਪਾਨ ਮੌਸਮ ਵਿਭਾਗ ਵੱਲੋਂ ਭੂਚਾਲ ਨੂੰ ਲੈ ਕੇ ਜਾਰੀ ਅਲਰਟ ਨਿਕਲਿਆ ਗਲਤ

01/05/2018 4:42:15 PM

ਟੋਕੀਓ(ਭਾਸ਼ਾ)— ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਲੱਖਾਂ ਲੋਕਾਂ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਇਕ ਸੰਦੇਸ਼ ਮਿਲਿਆ ਕਿ ਭੂਚਾਲ ਦਾ ਵੱਡਾ ਝਟਕਾ ਆਉਣ ਵਾਲਾ ਹੈ। ਇਹ ਸੰਦੇਸ਼ ਭੂਚਾਲ ਦਾ ਮੁਲਾਂਕਣ ਕਰਨ ਵਾਲੇ ਤੰਤਰ ਵਿਚ ਗਲਤ ਮੁਲਾਂਕਣ ਦੀ ਵਜ੍ਹਾ ਨਾਲ ਪ੍ਰਸਾਰਿਤ ਹੋਇਆ। ਜਾਪਾਨ ਦੀ ਰਾਜਧਾਨੀ ਵਿਚ ਲੱਖਾਂ ਲੋਕਾਂ ਦੇ ਫੋਨ 'ਤੇ ਚਿਤਾਵਨੀ ਸੰਦੇਸ਼ ਆਇਆ। ਇਸ ਵਿਚ ਕਿਹਾ ਗਿਆ ਸੀ, 'ਇਬਰਾਕੀ ਵਿਚ ਭੂਚਾਲ ਆਇਆ ਹੈ। ਜ਼ੋਰਦਾਰ ਝਟਕੇ ਤੋਂ ਬਚਣ ਲਈ ਤਿਆਰੀ ਕਰ ਲਓ।'
ਫਿਰ ਦੀਪ ਸਮੂਹ ਵਿਚ ਇਕ ਹੀ ਸਮੇਂ ਵਿਚ 2 ਹਲਕੇ ਝਟਕਿਆਂ ਤੋਂ ਬਾਅਦ ਜਾਪਾਨ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ 'ਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਗੜਬੜੀ ਦਾ ਪਤਾ ਲੱਗਾ। ਟੋਕੀਓ ਦੇ ਉਤਰੀ-ਪੂਰਬ ਵਿਚ ਇਬਰਾਕੀ ਤੱਟ 'ਤੇ ਦਿਨ ਦੇ ਸਮੇਂ 11 ਵੱਜ ਕੇ 2 ਮਿੰਟ (ਕੌਮਾਂਤਰੀ ਸਮੇਂ ਮੁਤਾਬਕ 2 ਵੱਜ ਕੇ 2 ਮਿੰਟ) 'ਤੇ 4.4 ਤੀਬਰਤਾ ਦਾ ਭੂਚਾਲ ਆਇਆ। ਇਸ ਸਮੇਂ ਇਬਰਾਕੀ ਦੇ ਪੱਛਮ ਵਿਚ ਕਰੀਬ 350 ਕਿਲੋਮੀਟਰ ਦੂਰ ਤੋਯਾਮਾ ਵਿਚ 3.9 ਤੀਬਰਤਾ ਦਾ ਭੂਚਾਲ ਆਇਆ। ਟੀ. ਵੀ ਫੁਟੇਜ ਵਿਚ ਦਿਸਿਆ ਕਿ ਕੈਬਨਿਟ ਬੈਠਕ ਦੇ ਪਹਿਲੇ ਪ੍ਰਧਾਨ ਮੰਤਰੀ ਦਫਤਰ ਵਿਚ ਵੀ ਅਲਾਰਮ ਵੱਜ ਗਿਆ। ਇਕ ਸਰਕਾਰੀ ਪ੍ਰਸਾਰਕ 'ਤੇ ਹੀ ਸੰਦੇਸ਼ ਜ਼ਾਰੀ ਕੀਤਾ ਗਿਆ, 'ਖੁਦ ਦੀ ਹਿਫਾਜ਼ਤ ਕਰੋ। ਭਾਰੀ-ਭਰਕਮ ਸਾਮਾਨ ਤੋਂ ਦੂਰ ਰਹੋ।' ਚਿਤਾਵਨੀ ਦੀ ਵਜ੍ਹਾ ਨਾਲ ਰਾਜਧਾਨੀ ਵਿਚ ਟਰੇਨ ਅਤੇ ਸਬਵੇਅ ਸੇਵਾ ਕੁੱਝ ਸਮੇਂ ਲਈ ਰੋਕ ਦਿੱਤੀ ਗਈ। ਇਕ ਅਧਿਕਾਰੀ ਨੇ ਕਿਹਾ, 'ਸਾਨੂੰ ਸ਼ੱਕ ਹੋਇਆ ਕਿ 2 ਵੱਖ-ਵੱਖ ਭੂਚਾਲਾਂ ਦਾ ਮੁਲਾਂਕਣ ਕਰਦੇ ਹੋਏ ਪ੍ਰਣਾਲੀ ਨੇ ਇਸ ਨੂੰ ਵੱਡਾ ਝਟਕਾ ਮੰਨਦੇ ਹੋਏ ਪਹਿਲਾਂ ਤੋਂ ਹੀ ਅੰਦਾਜ਼ਾ ਵਿਅਕਤ ਕਰ ਦਿੱਤਾ।'