ਜਾਪਾਨ ਨੇ ਦੱਖਣ ਕੋਰੀਆ ਨੂੰ ਚਿਪ, ਸਮਾਰਟਫੋਨ ਉਪਕਰਣਾਂ ਦੀ ਬਰਾਮਦ ’ਤੇ ਕੀਤੇ ਨਿਯਮ ਸਖਤ

07/02/2019 10:21:25 AM

ਟੋਕੀਓ —  ਜਾਪਾਨ ਨੇ ਦੱਖਣ ਕੋਰੀਆ ਨੂੰ ਬਰਾਮਦ ਕੀਤੇ ਜਾਣ ਵਾਲੇ ਕਈ ਸਾਮਾਨਾਂ ’ਤੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਇਨ੍ਹਾਂ ’ਚ ਚਿਪ ਅਤੇ ਸਮਾਰਟਫੋਨ ਉਤਪਾਦਨ ’ਚ ਵਰਤੇ ਜਾਣ ਵਾਲੇ ਕਈ ਰਸਾਇਣ ਸ਼ਾਮਲ ਹਨ। ਨਵੇਂ ਨਿਯਮ 4 ਜੁਲਾਈ ਤੋਂ ਲਾਗੂ ਹੋਣਗੇ। ਦੱਖਣ ਕੋਰੀਆ ਦੀ ਅਦਾਲਤ ਨੇ ਜਾਪਾਨੀ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਯੁੱਧ ਦੇ ਸਮੇਂ ਕਰਵਾਈ ਗਈ ਮਜ਼ਦੂਰੀ ਲਈ ਲੋਕਾਂ ਨੂੰ ਮੁਆਵਜ਼ਾ ਦੇਣ। ਇਹ ਇਕ ਅਜਿਹਾ ਮੁੱਦਾ ਹੈ, ਜਿਸ ਬਾਰੇ ਜਾਪਾਨ ਕਹਿੰਦਾ ਰਿਹਾ ਹੈ ਕਿ ਦਹਾਕਿਆਂ ਪਹਿਲਾਂ ਜਦੋਂ ਦੋਵਾਂ ਦੇਸ਼ਾਂ ਦਰਮਿਆਨ ਸਿਆਸਤੀ ਸਬੰਧ ਬਹਾਲ ਹੋਏ ਸਨ, ਉਸ ਵੇਲੇ ਇਨ੍ਹਾਂ ਦਾ ਹੱਲ ਹੋ ਗਿਆ ਸੀ।

ਇਹ ਨਵੇਂ ਨਿਯਮ 3 ਰਸਾਇਣਾਂ ਦੇ ਨਾਲ-ਨਾਲ ਵਿਨਿਰਮਾਣ ਤਕਨੀਕ ਦੇ ਟਰਾਂਸਫਰ ’ਤੇ ਵੀ ਲਾਗੂ ਹੋਣਗੇ। ਇਨ੍ਹਾਂ ਨੂੰ ਤੁਰੰਤ ਬਰਾਮਦ ਵਾਲੀਆਂ ਵਸਤਾਂ ਦੀ ਸੂਚੀ ਤੋਂ ਹਟਾਇਆ ਜਾ ਰਿਹਾ ਹੈ। ਸਥਾਨਕ ਮੀਡੀਆ ਅਨੁਸਾਰ ਹੁਣ ਬਰਾਮਦਕਾਰਾਂ ਨੂੰ ਇਨ੍ਹਾਂ ਵਸਤਾਂ ਦੇ ਦੱਖਣ ਕੋਰੀਆ ਨੂੰ ਬਰਾਮਦ ਕੀਤੇ ਜਾਣ ਵਾਲੀ ਹਰ ਇਕ ਖੇਪ ਲਈ ਇਜਾਜ਼ਤ ਲੈਣੀ ਪਵੇਗੀ। ਇਸ ਪ੍ਰਕਿਰਿਆ ’ਚ ਹਰ ਵਾਰ ਲਗਭਗ 90 ਦਿਨ ਦਾ ਸਮਾਂ ਲੱਗਦਾ ਹੈ।