61 ਸਾਲਾ ਬਜ਼ੁਰਗ ਨੇ ਚੋਰੀ ਕੀਤੀਆਂ ਸਾਈਕਲ ਦੀਆਂ ਸੀਟਾਂ, ਪੁਲਸ ਵੀ ਹੈਰਾਨ

10/15/2019 1:56:44 PM

ਟੋਕੀਓ (ਬਿਊਰੋ)— ਜਾਪਾਨ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਸ ਨੇ 61 ਸਾਲਾ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਸਾਈਕਲਾਂ ਦੀਆਂ 159 ਸੀਟਾਂ ਚੋਰੀ ਕੀਤੀਆਂ ਹਨ। ਅਸਲ ਵਿਚ ਟੋਕੀਓ ਦੇ ਓਟਾ ਵਾਰਡ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਈਕਲਾਂ ਦੀਆਂ ਸੀਟਾਂ ਚੋਰੀ ਹੋ ਰਹੀਆਂ ਸਨ, ਜਿਸ ਮਗਰੋਂ ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ। 

ਬਜ਼ੁਰਗ ਨੇ ਪਹਿਲੀ ਵਾਰ ਅਗਸਤ ਵਿਚ ਸਾਈਕਲ ਦੀ ਸੀਟ ਚੋਰੀ ਕੀਤੀ ਸੀ। ਉਸ ਨੇ ਜਿਸ ਸ਼ਖਸ ਦੀ ਸਾਈਕਲ ਦੀ ਸੀਟ ਚੋਰੀ ਕੀਤੀ ਸੀ ਉਸ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਜਦੋਂ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਕ ਬਜ਼ੁਰਗ ਸਾਈਕਲ ਦੀ ਸੀਟ ਕੱਢ ਕੇ ਆਪਣੀ ਸਾਈਕਲ ਵਿਚ ਲੱਗੀ ਟੋਕਰੀ ਵਿਚ ਪਾ ਕੇ ਚੁਪਚਾਪ ਉੱਥੋਂ ਚਲਾ ਗਿਆ। ਇਸ ਮਗਰੋਂ ਪੁਲਸ ਦੀ ਰਡਾਰ 'ਤੇ ਆ ਗਿਆ। ਪੁਲਸ ਨੇ ਉਸ ਬਜ਼ੁਰਗ ਦੇ ਬਾਰੇ ਵਿਚ ਪਤਾ ਲਗਾਇਆ ਅਤੇ ਉਸ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਕਰਮੀ ਇਹ ਦੇਖ ਕੇ ਹੈਰਾਨ ਸਨ ਕਿ ਅਕਿਓ ਹਤੋਰੀ ਨਾਮ ਦੇ ਸ਼ਖਸ ਨੇ ਆਪਣੇ ਘਰ ਚੋਰੀ ਕੀਤੀਆਂ ਸਾਈਕਲਾਂ ਦੀਆਂ 159 ਸੀਟਾਂ ਜਮਾਂ ਕੀਤੀਆਂ ਹੋਈਆਂ ਸਨ। ਪੁਲਸ ਨੇ ਸਾਰੀਆਂ ਸੀਟਾਂ ਬਰਾਮਦ ਕਰ ਲਈਆਂ ਅਤੇ ਬਜ਼ੁਰਗ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਜਦੋਂ ਅਕਿਓ ਤੋਂ ਚੋਰੀ ਕਰਨ ਦਾ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਪਿਛਲੇ ਸਾਲ ਕਿਸੇ ਨੇ ਉਨ੍ਹਾਂ ਦੀ ਸਾਈਕਲ ਦੀ ਸੀਟ ਚੋਰੀ ਕੀਤੀ ਸੀ ਅਤੇ ਬਾਅਦ ਵਿਚ ਸਾਈਕਲ ਵੀ ਚੋਰੀ ਕਰ ਲਈ ਸੀ। ਸਾਈਕਲ ਚੋਰੀ ਹੋਣ ਕਾਰਨ ਉਨ੍ਹਾਂ ਨੂੰ ਨਵੀਂ ਸਾਈਕਲ ਖਰੀਦਣੀ ਪਈ ਸੀ। ਇਸ ਗੱਲ ਨਾਲ ਦੁਖੀ ਹੋ ਕੇ ਉਨ੍ਹਾਂ ਨੇ ਲੋਕਾਂ ਤੋਂ ਬਦਲਾ ਲੈਣ ਦੀ ਸੋਚੀ ਅਤੇ ਸਾਈਕਲ ਦੀਆਂ ਸੀਟਾਂ ਦੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ। 

ਅਕਿਓ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਹ ਦੂਜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਸਾਈਕਲ ਦੀ ਸੀਟ ਚੋਰੀ ਹੋ ਜਾਣ 'ਤੇ ਕਿੰਨਾ ਦੁੱਖ ਹੁੰਦਾ ਹੈ। ਫਿਲਹਾਲ ਅਕਿਓ ਨੂੰ ਪੁਲਸ ਹਿਰਾਸਤ ਵਿਚ ਰੱਖਿਆ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Vandana

Content Editor

Related News