ਜਾਪਾਨ ਦਾ ਚੌਥਾ ਜਹਾਜ਼ ਚੀਨ ਤੋਂ 198 ਨਾਗਰਿਕਾਂ ਦੇ ਨਾਲ ਪਰਤਿਆ ਵਾਪਸ

02/07/2020 2:09:36 PM

ਬੀਜਿੰਗ (ਭਾਸ਼ਾ): ਜਾਪਾਨ ਦਾ ਚੌਥਾ ਚਾਰਟਰਡ ਜਹਾਜ਼ 198 ਜਾਪਾਨੀ ਨਾਗਰਿਕਾਂ ਅਤੇ ਉਹਨਾਂ ਦੇ ਚੀਨੀ ਪਤੀ/ਪਤਨੀਆਂ ਦੇ ਨਾਲ ਵੁਹਾਨ ਤੋਂ ਟੋਕੀਓ ਪਰਤ ਆਇਆ ਹੈ। ਚੀਨ ਦਾ ਵੁਹਾਨ ਸ਼ਹਿਰ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਮੁੱਖ ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਕਿਸੇ ਵਿਚ ਵੀ ਕੋਰੋਨਾਵਾਇਰਸ ਇਨਫੈਕਸ਼ਨ ਦੇ ਲੱਛਣ ਨਹੀਂ ਦੇਖੇ ਗਏ ਹਨ। 

ਉਹਨਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਟੋਕੀਓ ਨੇੜੇ ਇਕ ਸਰਕਾਰੀ ਹਸਪਤਾਲ ਵਿਚ ਭੇਜਣ ਤੋਂ ਪਹਿਲਾਂ ਇਕ ਹੋਰ ਹਸਪਤਾਲ ਵਿਚ ਜਾਂਚ ਕੀਤੀ ਜਾਵੇਗੀ। ਚੀਨ ਤੋਂ ਬਾਹਰ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਜਾਪਾਨ ਵਿਚ ਹੀ ਸਾਹਮਣੇ ਆਏ ਹਨ। ਇੱਥੇ ਹੁਣ ਤੱਕ 86 ਲੋਕ ਇਸ ਦੀ ਚਪੇਟ ਵਿਚ ਆਏ ਹਨ। ਉੱਧਰ ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ 636 ਪਹੁੰਚ ਗਈ ਹੈ। ਨਾਲ ਹੀ ਕੋਰੋਨਾਵਾਇਰਸ ਦੇ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਕਰੀਬ 31,000 ਹੋ ਗਈ ।

Vandana

This news is Content Editor Vandana