ਹਾਰਵਰਡ ’ਚ ਬੋਲੇ ਜੈਸ਼ੰਕਰ, ਮਨੁੱਖੀ ਤੱਤ ਭਾਰਤ-ਅਮਰੀਕਾ ਸਬੰਧਾਂ ਦਾ ਅਹਿਮ ਕਾਰਕ

04/14/2022 11:44:05 AM

ਵਾਸ਼ਿੰਗਟਨ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਬੀਤੇ 2 ਦਹਾਕਿਆਂ ਵਿਚ ਅਸਲ ਬਦਲਾਅ ਦੇ ਦੌਰ ’ਚੋਂ ਲੰਘੇ ਹਨ ਅਤੇ ਇਸ ਸਾਂਝੇਦਾਰੀ ਦਾ ਇਕ ਅਹਿਮ ਕਾਰਕ ਇਸਦਾ ਮਨੁੱਖੀ ਤੱਤ ਰਿਹਾ ਹੈ।ਜੈਸ਼ੰਕਰ ਨੇ ਇਥੇ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਵਿਚ ਕਿਹਾ ਕਿ ਭਾਵੇਂ ਸਾਡਾ ਕੂਟਨੀਤਕ ਅਤੇ ਸੁਰੱਖਿਆ ਸਹਿਯੋਗ ਹੋਵੇ ਜਾਂ ਸਾਡੀ ਆਰਥਿਕ ਤੇ ਤਕਨਾਲੌਜੀ ਸਾਂਝੇਦਾਰੀ, ਗਲੋਬਲ ਮਾਮਲਿਆਂ ਵਿਚ ਇਹ ਆਪਣੀ ਅਹਿਮੀਅਤ ਮਹਿਸੂਸ ਕਰਵਾਉਣ ਵਿਚ ਸਫਲ ਰਹੀ ਹੈ। 

ਉਨ੍ਹਾਂ ਨੇ ਭਾਰਤ-ਅਮਰੀਕਾ 2+2 ਗੱਲਬਾਤ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨਾਲ ਵਿਦਿਆਰਥੀਆਂ ਸਬੰਧੀ ਹੋਈ ਸੰਯੁਕਤ ਗੱਲਬਾਤ ਵਿਚ ਕਿਹਾ ਕਿ 44 ਲੱਖ ਦੀ ਆਬਾਦੀ ਵਾਲਾ ਭਾਰਤੀ ਭਾਈਚਾਰਾ ਅਸਲ ਵਿਚ ਇਸ ਸਮਾਜ ਵਿਚ ਸਾਡੇ ਅਕਸ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਰਿਸ਼ਤੇ ਮਜਬੂਤ ਬਣਾਉਣ ਵਿਚ ਮਦਦ ਕਰਦਾ ਹੈ ਜੋ ਸਾਡੇ ਕੰਮ ਲਈ ਊਰਜਾ ਦਾ ਵੱਡਾ ਸੋਮਾ ਹੈ।ਜੈਸ਼ੰਕਰ ਨੇ ਕਿਹਾ ਕਿ ਇਸਦੇ ਕੇਂਦਰ ਵਿਚ ਸਾਡੇ ਵਿਦਿਆਰਥੀ, ਖੋਜਕਾਰ ਅਤੇ ਪੇਸ਼ੇਵਰ ਹਨ ਜਿਨ੍ਹਾਂ ਨੇ ਅਮਰੀਕਾ ਦੀ ਤਰੱਕੀ ਵਿਚ ਯੋਗਦਾਨ ਦਿੱਤਾ ਹੈ ਅਤੇ ਉਹ ਸਾਡੇ ਦੋ ਸਮਾਜਾਂ ਦਰਮਿਨ ਪੁਲ ਬਣੇ ਹੋਏ ਹਨ। ਸਾਡੇ ਸਬੰਧਾਂ ਦੇ ਅੱਗੇ ਵਧਣ ਲਈ ਇਹ ਵੀ ਓਨਾਂ ਹੀ ਜ਼ਰੂਰੀ ਹੈ ਕਿ ਨੌਜਵਾਨ ਅਮਰੀਕੀਆਂ ਦੇ ਮਨ ਵਿਚ ਭਾਰਤ ਅਤੇ ਦੁਨੀਆ ਬਾਰੇ ਬਿਹਤਰ ਸਮਝ ਵਿਕਸਿਤ ਹੋਵੇ।

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਬਾਈਡੇਨ ਸਰਕਾਰ ਨੇ 'ਮਾਸਕ' ਦੇ ਲਾਜ਼ਮੀ ਆਦੇਸ਼ ਨੂੰ 3 ਮਈ ਤੱਕ ਵਧਾਇਆ

ਰਾਜਨਾਥ ਅਮਰੀਕਾ ਦੇ ਹਿੰਦ ਪ੍ਰਸ਼ਾਂਤ ਕਮਾਨ ਦੇ ਹੈੱਡਕੁਆਰਟਰ ਗਏ
ਹੋਨੋਲੂਲੂ : ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕਾ ਹਿੰਦ ਪ੍ਰਸ਼ਾਂਤ ਕਮਾਨ (ਯੂ. ਐੱਸ. ਇੰਡੋ. ਪੀ. ਏ. ਸੀ. ਓ. ਐੱਮ.) ਦੇ ਹੈੱਡਕੁਆਰਟਰ ਦਾ ਦੌਰਾ ਕਰਨ ਲਈ ਬੁੱਧਵਾਰ ਨੂੰ ਅਮਰੀਕਾ ਦੇ ਹਵਾਈ ਪਹੁੰਚੇ। ਇਹ ਅਮਰੀਕੀ ਹਥਿਆਰਬੰਦ ਫੋਰਸਾਂ ਦੀ ਇਕੀਕ੍ਰਿਤ ਲੜਾਕੂ ਕਮਾਨ ਹੈ ਜਿਸਦੇ ਜਿੰਮੇ ਅਹਿਮ ਹਿੰਦ ਪ੍ਰਸ਼ਾਂਤ ਖੇਤਰ ਹੈ।ਵਾਸ਼ਿੰਗਟਨ ਤੋਂ ਆਉਣ ਵਾਲੇ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਜਾਨ ਐਕਵੀਲਿਨੋ ਨੇ ਰਾਜਨਾਥ ਦਾ ਸਵਾਗਤ ਕੀਤਾ। ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਨ ਅਤੇ ਭਾਰਤੀ ਫ਼ੌਜ ਵਿਚਾਲੇ ਵਿਆਪਕ ਸਾਂਝੇਦਾਰੀ ਹੈ ਜਿਸ ਵਿਚ ਫੌ਼ਜੀ ਅਭਿਆਸ, ਟਰੇਨਿੰਗ ਪ੍ਰੋਗਰਾਮ ਅਤੇ ਰੱਖਿਆ ਆਦਾਨ-ਪ੍ਰਦਾਨ ਸ਼ਾਮਲ ਹੈ।

Vandana

This news is Content Editor Vandana