ਪੰਜਾਬ ਨੂੰ ਖੁਦਮੁਖਤਿਆਰ ਹੋਣਾ ਚਾਹੀਦੈ : ਜਗਮੀਤ ਸਿੰਘ

10/23/2017 2:46:34 PM

ਟੋਰਾਂਟੋ— ਕੈਨੇਡਾ ਦੀ ਸਿਆਸਤ 'ਚ ਇਸ ਸਮੇਂ ਇਕ ਚਿਹਰਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਉਹ ਚਿਹਰਾ ਹੈ, ਦਸਤਾਰਧਾਰੀ ਸਿੱਖ ਜਗਮੀਤ ਸਿੰਘ ਦਾ। ਜਗਮੀਤ ਸਿੰਘ ਜੋ ਕਿ ਕੈਨੇਡਾ ਵਿਚ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਚੁਣੇ ਗਏ ਹਨ। ਜਗਮੀਤ ਸਿੰਘ ਇਨ੍ਹਾਂ ਦਿਨੀਂ ਦੇਸ਼ ਦੇ ਵੱਖ-ਵੱਖ ਦੌਰਿਆਂ 'ਤੇ ਹਨ। ਜਗਮੀਤ ਸਿੰਘ ਨੇ ਇਹ ਗੱਲ ਸਾਫ ਕੀਤੀ ਹੈ ਉਹ ਪੰਜਾਬ, ਕਿਊਬਿਕ ਅਤੇ ਕੈਟਲੋਨੀਆ ਵਰਗੀਆਂ ਥਾਵਾਂ 'ਤੇ ਖੁਦਮੁਖਤਿਆਰ ਨੂੰ ਮੁੱਢਲਾ ਅਧਿਕਾਰ ਮੰਨਦੇ ਹਨ। 
38 ਸਾਲਾ ਜਗਮੀਤ ਸਿੰਘ ਦੀ ਇਸ ਤੋਂ ਪਹਿਲਾਂ ਕਾਨੂੰਨੀ ਅਧਿਕਾਰਾਂ ਦੇ ਸਮਰਥਨ ਨੂੰ ਲੈ ਕੇ ਆਲੋਚਨਾ ਕੀਤੀ ਗਈ ਸੀ। ਉਨ੍ਹਾਂ ਨੇ ਕੈਨੇਡਾ ਦੇ ਕਿਊਬਿਕ ਵਿਚ ਇਸ ਦੀ ਗੱਲ ਕੀਤੀ ਸੀ। ਇਕ ਅੰਗਰੇਜ਼ੀ ਅਖਬਾਰ ਨੇ ਜਗਮੀਤ ਦੇ ਹਵਾਲੇ ਤੋਂ ਕਿਹਾ ਕਿ ਖੁਦਮੁਖਤਿਆਰ, ਇਕ ਅਜਿਹਾ ਅਧਿਕਾਰ ਹੈ, ਜੋ ਕਿ ਇੰਨਾ ਕੁ ਮੌਲਿਕ ਹੈ ਕਿ ਲੋਕ ਆਪਣਾ ਭਵਿੱਖ ਖੁਦ ਚੁਣਦੇ ਹਨ। ਜਗਮੀਤ ਸਿੰਘ ਨੇ 2016 'ਚ ਓਨਟਾਰੀਓ ਵਿਧਾਨ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਸੀ। ਜਿਸ 'ਚ ਉਨ੍ਹਾਂ ਨੇ ਭਾਰਤ 'ਚ ਵਾਪਰੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਗੱਲ ਕੀਤੀ ਸੀ।
ਦੱਸਣਯੋਗ ਹੈ ਕਿ ਜਗਮੀਤ ਸਿੰਘ ਨੇ 1985 'ਚ ਏਅਰ ਇੰਡੀਆ ਦੀ ਉਡਾਣ 182 ਦੇ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦੀਆਂ ਕੈਨੇਡੀਅਨ ਗੁਰਦੁਆਰਿਆਂ ਵਿਚ ਲੱਗੀਆਂ ਤਸਵੀਰਾਂ ਬਾਰੇ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਵਿਵਾਦਾਂ ਵਿਚ ਘਿਰ ਗਏ ਸਨ। ਇਸ ਹਮਲੇ ਵਿਚ 329 ਲੋਕ ਮਾਰੇ ਗਏ ਸਨ।