ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਯੂਥ ਕਾਂਗਰਸ ਤੋਂ ਆਕਸੀਜਨ ਲੈਣ ''ਤੇ ਕਹੀ ਇਹ ਗੱਲ

05/03/2021 7:01:59 PM

ਵੈਲਿੰਗਟਨ (ਬਿਊਰੋ)  ਭਾਰਤ ਸਥਿਤ ਆਪਣੇ ਹਾਈ ਕਮਿਸ਼ਨ ਵਿਚ ਆਕਸੀਜਨ ਦੀ ਲੋੜ ਅਤੇ ਉਸ ਦੀ ਸਪਲਾਈ ਨੂੰ ਲੈਕੇ ਜਾਰੀ ਵਿਵਾਦ 'ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਸਾਹਮਣੇ ਆਈ ਹੈ। ਜੈਸਿੰਡਾ ਨੇ ਕਿਹਾ ਕਿ ਨਿਊਜ਼ੀਲੈਂਡ ਹਾਈ ਕਮਿਸ਼ਨ ਨੇ ਆਕਸੀਜਨ ਦੀ ਅਪੀਲ ਵਾਲਾ ਟਵੀਟ ਇਕ ਸਥਾਨਕ ਸਟਾਫ ਮੈਂਬਰ ਲਈ ਕੀਤਾ ਸੀ ਕਿਉਂਕਿ ਉਹ ਬੀਮਾਰ ਸੀ। ਇਸ ਦੇ ਨਾਲ ਹੀ ਜੈਸਿੰਡਾ ਨੇ ਕਿਹਾ ਕਿ ਨਿਊਜ਼ੀਲੈਂਡ ਹਾਈ ਕਮਿਸ਼ਨ ਨੂੰ ਆਕਸੀਜਨ ਦੀ ਮੰਗ ਲਈ ਕਿਸੇ ਹੋਰ ਮਾਧਿਅਮ ਦੀ ਵਰਤੋਂ ਕਰਨੀ ਚਾਹੀਦੀ ਸੀ। ਅਸਲ ਵਿਚ ਨਿਊਜ਼ੀਲੈਂਡ ਹਾਈ ਕਮਿਸ਼ਨ ਵਿਚ ਕਾਂਗਰਸ ਪਾਰਟੀ ਦੇ ਯੂਥ ਮੋਰਚੇ ਨੇ ਆਕਸੀਜਨ ਪਹੁੰਚਾਈ ਸੀ ਅਤੇ ਇਸ ਨੂੰ ਲੈਕੇ ਵਿਵਾਦ ਹੋ ਗਿਆ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਹਾਈ ਕਮਿਸ਼ਨਾਂ ਅਤੇ ਦੂਤਾਵਾਸਾਂ ਵਿਚ ਕੋਵਿਡ ਨਾਲ ਸੰਬੰਧਤ ਜੁੜੀ ਮੈਡੀਕਲ ਸਪਲਾਈ ਲਈ ਸੋਸ਼ਲ ਮੀਡੀਆ 'ਤੇ ਲਿਖਣ ਨੂੰ ਲੈਕੇ ਐਤਵਾਰ ਨੂੰ ਸਖ਼ਤ ਇਤਰਾਜ਼ ਜਤਾਇਆ ਸੀ। ਇਸ ਮਗਰੋਂ ਭਾਰਤ ਸਥਿਤ ਨਿਊਜ਼ੀਲੈਂਡ ਹਾਈ ਕਮਿਸ਼ਨ ਨੇ ਟਵੀਟ ਕਰ ਕੇ ਮੁਆਫ਼ੀ ਮੰਗੀ। ਨਿਊਜ਼ੀਲੈਂਡ ਦੂਤਾਵਾਸ ਨੇ ਆਕਸੀਜਨ ਦੀ ਮੰਗ ਵਾਲੀ ਪੋਸਟ ਡਿਲੀਟ ਕਰ ਕੇ ਸਪੱਸ਼ਟੀਕਰਨ ਵਿਚ ਇਕ ਟਵੀਟ ਕੀਤਾ ਸੀ।

ਰੇਡੀਓ ਨਿਊਜ਼ੀਲੈਂਡ ਮੁਤਾਬਕ ਪੂਰੇ ਮਾਮਲੇ ਵਿਚ ਨਿਊਜ਼ੀਲੈਡ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਨਾਲ ਵਿਵਾਦ ਨੂੰ ਲੈਕੇ ਅਫਸੋਸ ਪ੍ਰਗਟ ਕੀਤਾ ਹੈ। ਨਿਊਜ਼ੀਲੈਡ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਥਿਤ ਉਸ ਦੇ ਹਾਈ ਕਮਿਸ਼ਨ ਵਿਚ ਸਟਾਫ ਦੀ ਸੁਰੱਖਿਆ, ਸਿਹਤ ਅਤੇ ਉਹਨਾਂ ਦੀ ਦੇਖਭਾਲ ਸਰਕਾਰ ਦੀ ਤਰਜੀਹ ਵਿਚ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਹਾਈ ਕਮਿਸ਼ਨ ਵਿਚ ਕੁਝ ਸਥਾਨਕ ਸਟਾਫ ਕੋਵਿਡ ਨਾਲ ਪੀੜਤ ਹੋ ਗਿਆ ਹੈ ਅਤੇ ਇਹਨਾਂ ਵਿਚੋਂ ਇਕ ਦੀ ਹਾਲਤ ਜ਼ਿਆਦਾ ਖਰਾਬ ਸੀ। ਇਸ ਲਈ ਆਕਸੀਜਨ ਦੀ ਲੋੜ ਪਈ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਨਿਊਜ਼ੀਲੈਂਡ ਦਾ ਕੋਈ ਵੀ  ਡਿਪਲੋਮੈਟ ਕੋਵਿਡ ਪੀੜਤ ਨਹੀਂ ਹੈ। ਕੋਰੋਨਾ ਇਨਫੈਕਸ਼ਨ ਕਾਰਨ ਨਿਊਜ਼ੀਲੈਂਡ ਦਾ ਹਾਈ ਕਮਿਸ਼ਨ ਲੋਕਾਂ ਲਈ  ਖੁੱਲ੍ਹਿਆ ਨਹੀਂ ਹੈ।  ਬੀਮਾਰ ਹੋਣ 'ਤੇ ਕੈਂਪਸ ਦੇ ਅੰਦਰ ਹੀ ਇਲਾਜ ਦੀ ਵਿਵਸਥਾ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ - ਭਾਰਤ 'ਚ ਫਸੇ ਆਸਟ੍ਰੇਲੀਆਈ ਨਾਗਰਿਕਾਂ 'ਤੇ ਪਾਬੰਦੀ ਲਗਾਉਣਾ ਦੇਸ਼ ਦੇ ਸਰਬੋਤਮ ਹਿੱਤ 'ਚ : ਮੌਰੀਸਨ

ਇਸ ਤੋਂ ਪਹਿਲਾਂ ਫਿਲੀਪੀਨਜ਼ ਦਾ ਦੂਤਾਵਾਸ ਭਾਰਤੀ ਵਿਦੇਸ਼ ਮੰਤਰਾਲੇ ਦੇ ਨਿਸ਼ਾਨੇ 'ਤੇ ਆ ਗਿਆ ਸੀ। ਉੱਥੇ ਵੀ ਯੂਥ ਕਾਂਗਰਸ ਨੇ ਆਕਸੀਜਨ ਦਾ ਸਿਲੰਡਰ ਪਹੁੰਚਾਇਆ ਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਈ ਕਮਿਸ਼ਨ ਨੂੰ ਮੈਡੀਕਲ ਮਦਦ ਲਈ ਕਿਸੇ ਹੋਰ ਮਾਧਿਅਮ ਦੀ ਵਰਤੋਂ ਕਰਨੀ ਚਾਹੀਦੀ ਸੀ। ਉਹਨਾਂ ਨੇ ਅੱਗੇ ਕਿਹਾ ਕਿ ਸਾਡੇ ਹਾਈ ਕਮਿਸ਼ਨ ਨੇ ਟਵੀਟ ਲਈ ਮੁਆਫ਼ੀ ਮੰਗ ਲਈ ਹੈ। ਅਜਿਹੇ ਮਾਮਲਿਆਂ ਵਿਚ ਜਿਹੜੇ ਅਧਿਕਾਰਤ ਮਾਧਿਅਮ ਹਨ, ਉਹਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। 

ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਰੀ ਬ੍ਰਾਉਨਲੀ ਨੇ ਵੀ ਇਸ ਪੂਰੇ ਮਾਮਲੇ 'ਤੇ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਕਸੀਜਨ ਲਈ ਅਪੀਲ ਕਰਨ ਵਾਲਾ ਟਵੀਟ ਸ਼ਰਮਨਾਕਅਤੇ ਅਸੰਵੇਦਨਸ਼ੀਲ ਸੀ। ਉਹਨਾਂ ਨੇ ਅੱਗੇ ਕਿਹਾ,''ਜਦੋਂ ਸੜਕਾਂ 'ਤੇ ਲੋਕ ਮਰ ਰਹੇ ਹਨ, ਇਲਾਜ ਲਈ ਹਸਪਤਾਲ ਲਿਜਾਏ ਰਹੇ ਲੋਕ ਦਮ ਤੋੜ ਰਹੇ ਹਨ ਤਾਂ ਅਜਿਹੇ ਹਾਲਾਤ ਵਿਚ ਇਸ ਤਰ੍ਹਾਂ ਦਾ ਟਵੀਟ ਕਰਨਾ ਗਲਤ ਸੀ। ਇਹ ਬਹੁਤ ਹੀ ਅਸੰਵੇਦਨਸ਼ੀਲ ਹੈ। ਹਾਈ ਕਮਿਸ਼ਨ ਦਾ ਮੁਆਫ਼ੀ ਮੰਗਣਾ ਸਹੀ ਕਦਮ ਹੈ ਪਰ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਆਖਿਰ ਅਜਿਹਾ ਕਿਉਂ ਕੀਤਾ ਗਿਆ।'' ਬ੍ਰਾਉਨਲੀ ਨੇ ਕਿਹਾ ਕਿ ਜਿਹੜੇ ਵਿਅਕਤੀ ਨੇ ਇਹ ਟਵੀਟ ਕੀਤਾ ਹੈ ਉਸ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ,''ਹਰ ਕੋਈ ਖ਼ਬਰਾਂ ਦੇਖ ਰਿਹਾ ਹੈ। ਸਾਰਿਆਂ ਨੂੰ ਅਦਾਜ਼ਾ ਹੈ ਕਿ ਦਿੱਲੀ ਵਿਚ ਹਾਲਾਤ ਕਿੰਨੇ ਖਰਾਬ ਹਨ। ਨਿਊਜ਼ੀਲੈਂਡ ਦਾ ਭਾਰਤ ਦੇ ਅੰਦਰ ਦੂਜੇ ਰਾਜਨੀਤਕ ਦਲਾਂ ਤੋਂ ਆਕਸੀਜਨ ਦੀ ਅਪੀਲ ਕਰਨਾ ਬਹੁਤ ਹੀ ਅਜੀਬ ਹੈ।''

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News