ਨਿਊਜ਼ੀਲੈਂਡ ਚੋਣਾਂ : PM ਅਹੁਦੇ ਲਈ ਦੋ ਜਨਾਨੀਆਂ ਵਿਚਕਾਰ ਮੁਕਾਬਲਾ, ਲੇਬਰ ਪਾਰਟੀ ਦੀ ਪਕੜ ਮਜ਼ਬੂਤ

10/17/2020 9:50:41 AM

ਆਕਲੈਂਡ- ਨਿਊਜ਼ੀਲੈਂਡ ਵਿਚ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ (ਸਥਾਨਕ ਸਮੇਂ ਮੁਤਾਬਕ) ਆਮ ਚੋਣਾਂ ਲਈ ਲੋਕ ਵੋਟਾਂ ਪਾ ਰਹੇ ਹਨ। ਨਿਊਜ਼ੀਲੈਂਡ ਦੀ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ (ਲੇਬਰ ਪਾਰਟੀ) ਦੀ ਸੱਤਾ ਵਿਚ ਵਾਪਸੀ ਹੋਣ ਦੀ ਪੂਰੀ ਆਸ ਹੈ। ਨਵੀਂ ਸੰਸਦ ਲਈ ਹੋ ਰਹੀ ਵੋਟਿੰਗ ਲਈ ਲੋਕਾਂ ਵਿਚ ਕਾਫੀ ਉਤਸ਼ਾਹ ਹੈ। ਅਰਡਨ ਨੇ ਕੋਰੋਨਾ ਕਾਲ ਦੌਰਾਨ ਨਿਊਜ਼ੀਲੈਂਡ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੈ। ਉਨ੍ਹਾਂ ਦੀ ਚੰਗੀ ਪ੍ਰਧਾਨਗੀ ਕਾਰਨ ਨਿਊਜ਼ੀਲੈਂਡ ਵਿਚ ਕੋਰੋਨਾ ਕਾਰਨ ਬਹੁਤ ਘੱਟ ਮੌਤਾਂ ਹੋਈਆਂ ਹਨ। 

ਨਿਊਜ਼ੀਲੈਂਡ ਦੀ ਸੰਸਦ ਵਿਚ 121 ਸੀਟਾਂ ਹਨ। ਇਨ੍ਹਾਂ ਵਿਚੋਂ 71 ਸੰਸਦ ਮੈਂਬਰ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ। ਬਾਕੀ 70 ਸੰਸਦੀ ਪਾਰਟੀਆਂ ਨੂੰ ਮਿਲੀਆਂ ਵੋਟਾਂ ਦੇ ਫੀਸਦੀ ਦੇ ਅਨੁਪਾਤ ਦੇ ਆਧਰ 'ਤੇ ਚੁਣੇ ਜਾਂਦੇ ਹਨ। ਇਸ ਵਾਰ ਦੀਆਂ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਕੰਜ਼ਰਵੇਟਿਵ ਵਿਚਾਰਾਂ ਵਾਲੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਪਾਰਟੀ ਦੀ ਅਗਵਾਈ ਵੀ ਇਕ ਜਨਾਨੀ ਦੇ ਹੱਥ ਹੈ। ਇਸ ਦੀ ਨੇਤਾ 61 ਸਾਲਾ ਜੁਡਿਥ ਕਾਲਿੰਸ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਗਰਿਟ ਥੈਚਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਇਸੇ ਲਈ ਨਿਊਜ਼ੀਲੈਂਡ ਮੀਡੀਆ ਉਨ੍ਹਾਂ ਨੂੰ ਕ੍ਰਸ਼ਰ ਭਾਵ ਕੁਚਲ ਦੇਣ ਵਾਲੀ ਕਹਿ ਰਿਹਾ ਹੈ। 

2017 ਵਿਚ ਸ਼ੁਰੂ ਹੋਏ ਪ੍ਰਧਾਨ ਮੰਤਰੀ ਦੇ ਪਹਿਲੇ ਕਾਰਜਕਾਲ ਵਿਚ ਭਿਆਨਕ ਅੱਤਵਾਦ ਤੇ ਕੋਰੋਨਾ ਵਾਇਰਸ ਵਰਗੇ ਸੰਕਟਾਂ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਕੰਮ ਨੂੰ ਧਿਆਨ ਨਾਲ ਕੀਤਾ, ਉਹ ਕਾਬਲ-ਏ-ਤਾਰੀਫ਼ ਹੈ। 
ਦੱਸ ਦਈਏ ਕਿ ਨਿਊਜ਼ੀਲੈਂਡ ਛੋਟੀ ਆਬਾਦੀ ਵਾਲਾ ਦੇਸ਼ ਹੈ, ਇਸ ਦੇ ਬਾਵਜੂਦ ਅਰਡਨ ਨੇ ਇੰਨੇ ਸ਼ਾਨਦਾਰ ਤਰੀਕੇ ਨਾਲ ਕੰਮ ਕੀਤਾ ਕਿ ਪੂਰੀ ਦੁਨੀਆ ਵਿਚ ਸਿਫ਼ਤ ਹੋ ਰਹੀ ਹੈ। ਚੋਣਾਂ ਤੋਂ ਪਹਿਲਾਂ ਹੀ ਜਨਮਤ ਸਰਵੇਖਣਾਂ ਵਿਚ ਅਰਡਨ ਦੀ ਲੇਬਰ ਪਾਰਟੀ ਨੂੰ 46 ਫੀਸਦੀ ਲੋਕਾਂ ਨੇ ਆਪਣੀ ਪਸੰਦ ਦੱਸਿਆ। ਹਾਲਾਂਕਿ ਨੈਸ਼ਨਲ ਪਾਰਟੀ ਨੂੰ 31 ਫੀਸਦੀ, ਗ੍ਰੀਨ ਪਾਰਟੀ ਨੂੰ 8 ਫੀਸਦੀ, ਐਕਟ ਨਿਊਜ਼ੀਲੈਂਡ ਪਾਰਟੀ ਨੂੰ 8 ਫੀਸਦੀ ਤੇ ਨਿਊਜ਼ੀਲੈਂਡ ਫਸਟ ਨੂੰ 3 ਫੀਸਦੀ ਵੋਟਰਾਂ ਦਾ ਸਮਰਥਨ ਹੈ। ਭਾਰਤੀ ਸਮੇਂ ਮੁਤਾਬਕ ਦੁਪਹਿਰ 11.30 ਵਜੇ ਤਕ ਇੱਥੇ ਵੋਟਾਂ ਪੈ ਜਾਣਗੀਆਂ ਤੇ ਸ਼ਾਮ ਤੱਕ ਨਤੀਜੇ ਸਾਹਮਣੇ ਆਉਣਗੇ। 

Lalita Mam

This news is Content Editor Lalita Mam