ਇਟਲੀ ਵਿਖੇ ਮਨਾਇਆ ਜਾਵੇਗਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਦਿਵਸ

02/22/2018 8:36:26 AM

ਰੋਮ(ਕੈਂਥ)— ਇਟਲੀ ਦੀ ਨਵ-ਗਠਿਤ ਸੰਸਥਾ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਵੱਲੋਂ ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ। ਇਟਲੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਮਹਾਨ ਕ੍ਰਾਂਤੀਕਾਰੀ,ਅਧਿਆਤਮਵਾਦੀ ,ਯੁੱਗ ਪੁਰਸ਼ ਦਾ ਆਗਮਨ ਪੁਰਬ 25 ਫਰਵਰੀ, ਦਿਨ ਐਤਵਾਰ ਨੂੰ ਲਾਤੀਨਾ ਜ਼ਿਲੇ ਦੇ ਸ਼ਹਿਰ ਬੋਰਗੋ ਮੋਨਤੀਨੇਰੇ ਵਿਖੇ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। 

ਇਸ ਵਿਚ ਮਿਸ਼ਨ ਦੇ ਪ੍ਰਸਿੱਧ ਕੀਰਤਨੀਏ, ਰਾਗੀ, ਢਾਡੀ,ਕਥਾ ਵਾਚਕ ਅਤੇ ਪ੍ਰਚਾਰਕ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਅਤੇ ਸਤਿਗੁਰਾਂ ਦੇ ਸੁਪਨ ਸ਼ਹਿਰ ਬੇਗਮਪੁਰੇ ਤੋਂ ਵਿਸਥਾਰਪੂਵਕ ਜਾਣੂ ਕਰਵਾਉਣਗੇ। ਇਸ ਪਾਵਨ ਅਤੇ ਪਵਿੱਤਰ ਸਮਾਗਮ ਵਿਚ ਹੁੰਮ-ਹੁੰਮਾਂ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ ਦੀ ਸਮੁੱਚੀ ਆਗੂ ਟੀਮ ਨੇ ਕਿਹਾ ਕਿ ਇਸ ਸਮਾਗਮ ਪ੍ਰਤੀ ਇਲਾਕੇ ਭਰ ਦੀਆਂ ਸੰਗਤਾਂ ਦਾ ਉਤਸ਼ਾਹ ਦੇਖਣ ਯੋਗ ਹੈ। ਖਾਸਕਰ ਨੌਜਵਾਨ ਵਰਗ ਸੇਵਾ ਵਿਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।