ਇਟਲੀ ‘ਚ ਸਜੇਗਾ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

09/25/2019 9:21:24 AM

ਮਿਲਾਨ, (ਸਾਬੀ ਚੀਨੀਆ)— ਰਾਜਧਾਨੀ ਰੋਮ ਨਾਲ ਲੱਗਦੇ ਕਸਬਾ ਲਵੀਨੀ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸ ਵਿਚ ਇਟਲੀ ਦੇ ਵੱਖ-ਵੱਖ ਹਿੱਸਿਆਂ ਚੋਂ ਪੁੱਜ ਰਹੀਆਂ ਗੁਰਸਿੱਖ ਸੰਗਤਾਂ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਕੇ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ।

ਯੂਰਪ ਭਰ ਵਿਚ ਵੱਸਦੇ ਸਿੱਖਾਂ ਲਈ ਭਾਈਚਾਰਕ ਸਾਂਝ ਦੀ ਮਿਸਾਲ ਵਜੋਂ ਜਾਣੇ ਜਾਂਦੇ 'ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀ 1' , ਦੀ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 29 ਸਤੰਬਰ ਨੂੰ ਗੁਰੂ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਵਿਚ ਸਜਾਏ ਜਾ ਰਹੇ ਨਗਰ ਕੀਰਤਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਸਕਦਾ ਹੈ। ਇਸ ਮੌਕੇ ਪੁੱਜ ਰਹੇ ਸਿੱਖ ਪ੍ਰਚਾਰਕ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ।

ਨਗਰ ਕੀਰਤਨ ਦੀ ਆਰੰਭਤਾ ਦੁਪਹਿਰ 1 ਵਜੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਤੋਂ ਹੋਵੇਗੀ। ਉਪਰੰਤ ਨਗਰ ਕੀਰਤਨ ਲਵੀਨੀ 1 ਦੇ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਵਾਲੇ ਮੇਨ ਚੌਕ ਵਿਚ ਪੁੱਜਗਾ, ਜਿੱਥੇ ਖੁੱਲ੍ਹੇ ਦੀਵਾਨ ਸਜਾਏ ਜਾਣਗੇ। ਪ੍ਰਬੰਧਕ ਕਮੇਟੀ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰੰਬਧ ਕੀਤੇ ਜਾ ਚੁੱਕੇ ਹਨ। ਇਸ ਮੌਕੇ ਪੁੱਜੇ ਰਹੇ ਜੱਥਿਆਂ ਸਮੇਤ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ।