ਇਟਲੀ : ਪੰਜਾਬ ''ਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਕਾਰਨ ਪ੍ਰਵਾਸੀ ਪੰਜਾਬੀ ਪ੍ਰੇਸ਼ਾਨ

06/16/2019 2:27:40 PM

ਰੋਮ, (ਕੈਂਥ)— ਪੰਜਾਬ ਵਿੱਚ ਹਮੇਸ਼ਾ ਹੀ ਪ੍ਰਵਾਸੀ ਪੰਜਾਬੀਆਂ ਦਾ ਦਿਲ ਧੜਕਦਾ ਰਹਿੰਦਾ ਹੈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਦਾ ਹੀ ਪ੍ਰਵਾਸੀ ਪੰਜਾਬੀ ਮੂਹਰਲੀ ਕਤਾਰ ਵਿੱਚ ਰਹਿੰਦੇ ਹਨ। ਇਸ ਗੱਲ ਨੂੰ ਮੌਕੇ ਦੀਆਂ ਸਰਕਾਰਾਂ ਵੀ ਮੰਨਦੀਆਂ ਹਨ ਕਿ ਜੇਕਰ ਪੰਜਾਬ ਅੱਜ ਉੱਨਤੀ ਰਾਹੀਂ ਨਵੀਆਂ ਪੈੜਾ ਪੈ ਰਿਹਾ ਹੈ ਤਾਂ ਉਸ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰਵਾਸੀ ਪੰਜਾਬੀ ਦੁਨੀਆਂ ਦੇ ਚਾਹੇ ਕਿਸੇ ਵੀ ਕੋਨੇ ਵਿੱਚ ਸੌਣ ਪਰ ਸੁਪਨੇ ਸਦਾ ਹੀ ਪੰਜਾਬ ਦੇ ਲੈਂਦੇ ਹਨ। ਸ਼ਾਇਦ ਇਸ ਲਈ ਹੀ ਜਦੋਂ-ਜਦੋਂ ਵੀ ਪੰਜਾਬ ਵਿੱਚ ਅਮਨ ਕਾਨੂੰਨ ਦੀਆਂ ਹਿੰਸਕ ਲੋਕਾਂ ਵੱਲੋਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਤਾਂ ਸਭ ਤੋਂ ਜ਼ਿਆਦਾ ਦਿਲ ਪ੍ਰਵਾਸੀ ਪੰਜਾਬੀਆਂ ਦੇ ਹੀ ਵਲੂੰਧਰੇ ਜਾਂਦੇ ਹਨ।

ਪਿਛਲੇ ਕੁਝ ਦਿਨਾਂ ਤੋਂ ਅਜਿਹਾ ਹੀ ਮਾਹੌਲ ਪੰਜਾਬ ਦਾ ਬਣਦਾ ਦੇਖ ਦੁਨੀਆਂ ਭਰ ਦੇ ਪ੍ਰਵਾਸੀ ਪੰਜਾਬੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇੱਥੇ ਗੱਲ ਅਸੀਂ ਪਿਛਲੇ ਸਿਰਫ਼ ਇੱਕ ਹਫ਼ਤੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਪਰੀਆਂ ਘਟਨਾਵਾਂ ਦੀ ਕਰ ਰਹੇ ਹਾਂ , ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਕਾਨੂੰਨ ਦਾ ਰਖਵਾਲਾ ਪੁਲਸ ਪ੍ਰਸ਼ਾਸ਼ਨ ਅਤੇ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਦੇ ਉਜਾੜੇ ਨੂੰ ਅੱਖੀਂ ਦੇਖ ਕੇ ਵੀ ਚੁੱਪ ਹੈ। 

ਇਹ ਖਬਰਾਂ ਬਣੀਆਂ ਚਿੰਤਾ ਦਾ ਵਿਸ਼ਾ-

  • ਬੀਤੇ ਦਿਨ ਇਲਾਕਾ ਲੋਪੋਕੇ ਦੇ ਨੇੜੇ ਇੱਕ ਪ੍ਰਵਾਸੀ ਮਜ਼ਦੂਰ ਨੇ ਕਿਸਾਨ ਦਲਜੀਤ ਸਿੰਘ ਦੇ ਸਿਰ ਵਿੱਚ ਕਹੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
  • ਮੋਹਾਲੀ ਨੇੜੇ ਦੋ ਹਮਲਾਵਰਾਂ ਨੇ ਇੱਕ ਪੰਜਾਬ ਗਾਇਕ ਉੱਤੇ ਫਾਇਰਿੰਗ ਕਰਕੇ ਜਾਨੋ ਮਾਰਨ ਦੀ ਕੀਤੀ ਕੋਸ਼ਿਸ।
  • ਜਲੰਧਰ ਬੱਸ ਅੱਡੇ ਇੱਕ ਬੱਸ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ।
  • ਜਲੰਧਰ 'ਚ ਇੱਕ ਰੇਲਵੇ ਲਾਈਨ ਤੋਂ ਇੱਕ ਹੋਰ ਸਿਰ ਕੱਟੀ ਲਾਸ਼ ਮਿਲੀ। 
  • ਤਰਨਤਾਰਨ ਨੇੜੇ ਨਕਾਬਪੋਸ ਲੁਟੇਰਾ ਗਿਰੋਹ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਲੁੱਟਣ ਲਈ ਚਲਾਈਆਂ ਗੋਲੀਆਂ।
  • ਫਿਰੋਜ਼ਪੁਰ ਵਿਖੇ ਚਚੇਰੀ ਭੈਣ ਨਾਲ ਭਰਾਵਾਂ ਵੱਲੋਂ ਜ਼ਬਰ-ਜਨਾਹ। 
  • ਮੋਹਾਲੀ ਵਿਖੇ 3 ਸਾਲਾਂ ਦੀ ਬੱਚੀ ਨਾਲ ਜ਼ਬਰ-ਜਨਾਹ। 
  • ਫਿਰੋਜ਼ਪੁਰ ਇਲਾਕੇ 'ਚ ਇੱਕ ਮੰਦਰ ਦੇ ਪੁਜਾਰੀ ਨੇ ਇੱਕ ਸੀਨੀਅਰ ਪੁਲਸ ਅਫ਼ਸਰ ਦਾ ਹੋਈ ਲੜਾਈ ਦੌਰਾਨ ਗੁੱਸੇ ਵਿੱਚ ਆ ਕੇ ਡੰਡਾ ਮਾਰ ਸਿਰ ਪਾੜਿਆ।
  • ਜਲੰਧਰ ਵਿਖੇ ਇੱਕ ਮਹਿਲਾ ਦੀਆਂ ਉਸ ਦੇ ਰਿਸ਼ਤੇ ਵਿੱਚ ਭਰਾ ਲੱਗਦੇ ਬੰਦੇ ਨੇ ਲੜਾਈ ਦੌਰਾਨ ਦੋਵੇਂ ਅੱਖਾਂ ਕੱਢ ਦਿੱਤੀਆਂ ਅਤੇ ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ।
  • ਗੁਰੂ ਨਗਰੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਿਆਸੀ ਆਗੂ ਨੇ ਆਪਣੇ ਸਾਥੀਆਂ ਨਾਲ ਇੱਕ ਮਹਿਲਾ ਅਤੇ ਉਸ ਦੇ ਪਰਿਵਾਰ ਨੂੰ ਘਰੋਂ ਬਾਹਰ ਕੱਢ ਕੇ ਸੜਕ ਉੱਤੇ ਚਿੱਟੇ ਦਿਨ ਬੈਲਟਾਂ ਅਤੇ ਘਸੁੰਨ ਮੁੱਕਿਆਂ ਨਾਲ ਜਾਨਵਾਰਾਂ ਵਾਂਗ ਕੁੱਟਿਆ।


ਉਕਤ ਘਟਨਾਵਾਂ ਸਿਰਫ਼ ਕੁਝ ਦਿਨਾਂ ਵਿੱਚ ਹੀ ਪੰਜਾਬ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਕਾਰਨ ਵਿਦੇਸ਼ਾਂ 'ਚ ਰਹੇ ਪੰਜਾਬੀ ਭਾਈਚਾਰੇ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ । ਇਸੇ ਕਾਰਨ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਸਾਕ-ਸਬੰਧੀਆਂ ਨੂੰ ਪੰਜਾਬ ਆ ਕੇ ਮਿਲਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਆਉਣ ਸੰਬਧੀ 100 ਵਾਰ ਸੋਚਣ 'ਤੇ ਮਜ਼ਬੂਰ ਕਰਦੀਆਂ ਹਨ।