ਇਟਲੀ 'ਚ ਵਾਪਰਿਆ ਹਾਦਸਾ, ਟਰੇਨ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ

05/24/2018 1:04:33 PM

ਰੋਮ— ਇਟਲੀ ਦੇ ਸ਼ਹਿਰ ਤੂਰਿਨ 'ਚ ਬੁੱਧਵਾਰ ਰਾਤ ਨੂੰ ਇਕ ਟਰੇਨ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਰਾਤ 11 ਵਜ ਕੇ 20 ਮਿੰਟ 'ਤੇ ਵਾਪਰਿਆ। ਹਾਦਸੇ ਦੀ ਵਜ੍ਹਾ ਟਰੇਨ ਦਾ ਇਕ ਟਰੱਕ ਨਾਲ ਟਕਰਾਉਣਾ ਦੱਸਿਆ ਜਾ ਰਿਹਾ ਹੈ, ਜੋ ਕਿ ਟਰੈੱਕ 'ਤੇ ਫਸ ਗਿਆ ਸੀ। ਹਾਦਸੇ ਵਿਚ ਟਰੇਨ ਦੇ 3 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। 


ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਟਰੇਨ ਇਟਲੀ ਦੇ ਸ਼ਹਿਰ ਤੂਰਿਨ ਤੋਂ ਇਵਰੀਆ ਵੱਲ ਰਵਾਨਾ ਹੋਣ ਦੇ ਅੱਧੇ ਘੰਟੇ ਬਾਅਦ ਹਾਦਸੇ ਦੀ ਸ਼ਿਕਾਰ ਹੋ ਗਈ। ਓਧਰ ਰੇਲਵੇ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਟਰੇਨ ਦੇ ਆਉਣ ਤੋਂ ਪਹਿਲਾਂ ਬੈਰੀਅਰ ਲਾਇਆ ਹੋਇਆ ਸੀ ਪਰ ਟਰੱਕ ਡਰਾਈਵਰ ਨੇ ਬੈਰੀਅਰ ਤੋੜਦੇ ਹੋਏ ਟਰੈੱਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਰੱਕ ਰੇਲਵੇ ਟਰੈੱਕ 'ਤੇ ਫਸ ਗਿਆ।  


ਮੌਕੇ 'ਤੇ ਪੁੱਜੇ ਬਚਾਅ ਕਰਮਚਾਰੀ ਟਰੇਨ 'ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਤ ਤੋਂ ਹੀ ਜੁੱਟੇ ਹੋਏ ਹਨ, ਤਾਂ ਕਿ ਕੋਈ ਮਲਬੇ 'ਚ ਫਸਿਆ ਨਾ ਰਹੇ। ਇਟਲੀ ਦੀ ਇਕ ਨਿਊਜ਼ ਏਜੰਸੀ ਮੁਤਾਬਕ ਟਰੱਕ ਦਾ ਡਰਾਈਵਰ ਬਚ ਗਿਆ ਹੈ, ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿਚ ਇਕ ਦੀ ਪਛਾਣ ਟਰੇਨ ਦੇ ਇੰਜੀਨੀਅਰ ਦੇ ਤੌਰ 'ਤੇ ਹੋਈ ਹੈ। ਜਦਕਿ ਦੂਜੇ ਦੀ ਮੌਤ ਹਸਪਤਾਲ 'ਚ ਇਲਾਜ ਦੌਰਾਨ ਹੋਈ।