ਇਟਲੀ ''ਚ ਆਪਣੇ ਵਤਨ ਦੀ ਮਿੱਟੀ ਨੂੰ ਆਖਰੀ ਸਲਾਮ ਲਈ ਤਰਸ ਰਿਹੈ ਇਹ ਭਾਰਤੀ

02/24/2018 5:37:05 PM

ਰੋਮ ਇਟਲੀ (ਦਲਵੀਰ ਕੈਂਥ)— ਅੱਜ ਵਿਦੇਸ਼ ਆਉਣ ਦੀ ਚਾਹਤ ਸ਼ਾਇਦ ਪੰਜਾਬ ਵਿਚ ਹਰ ਮੁੰਡੇ-ਕੁੜੀ ਦੀ ਹੋਵੇ ਪਰ ਵਿਦੇਸ਼ ਵਿਚ ਸੁਪਨੇ ਸੱਚ ਕਰਨਾ ਹਰ ਇਕ ਦੇ ਵੱਸ ਦੀ ਗੱਲ ਨਹੀਂ। ਕਈ ਤਾਂ ਵਿਚਾਰੇ ਕਾਮਯਾਬੀ ਦੇ ਮਗਰ ਭੱਜਦੇ-ਭੱਜਦੇ ਅਜਿਹੇ ਰਾਹ ਪੈ ਜਾਂਦੇ ਹਨ ਕਿ ਕਦੋਂ ਮੌਤ ਦੇ ਮੂੰਹ ਵਿਚ ਚੱਲੇ ਜਾਂਦੇ ਹਨ, ਇਹ ਪਤਾ ਵੀ ਨਹੀਂ ਲੱਗਦਾ। ਅਜਿਹੇ ਨੌਜਵਾਨ ਕਰਜ਼ਾ ਚੁੱਕ ਵਿਦੇਸ਼ ਆਉਂਦੇ ਤਾਂ ਹਨ ਬੁੱਢੇ ਮਾਂ-ਬਾਪ ਦਾ ਬੁਢਾਪੇ ਵੇਲੇ ਸਹਾਰਾ ਬਣਨ ਲਈ ਅਤੇ ਘਰ ਵਿਚ ਚਲੀ ਆ ਰਹੀ ਕਈ ਪੀੜ੍ਹੀਆਂ ਤੋਂ ਆਰਥਿਕ ਮੰਦਹਾਲੀ ਦਾ ਅੰਤ ਕਰਨ ਲਈ ਪਰ ਅਫ਼ਸੋਸ ਵਿਦੇਸ਼ ਵਿਚ ਉਹ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਕਿ ਬੁੱਢੇ ਮਾਂ-ਬਾਪ ਨੂੰ ਆਖ਼ਰੀ ਉਮਰੇ ਗਰੀਬੀ ਦੇ ਨਾਲ-ਨਾਲ ਅਜਿਹਾ ਦਰਦ ਦੇ ਜਾਂਦੇ ਹਨ, ਜਿਸ ਨੂੰ ਸਹੇੜਦੇ-ਸਹੇੜਦੇ ਉਹ ਜਿੰਦਗੀ ਅਤੇ ਮੌਤ ਵਿਚ ਲਟਕ ਜਾਂਦੇ ਹਨ।
ਬਹੁਤ ਹੀ ਦੁੱਖ ਨਾਲ ਜ਼ਿਕਰ ਕਰਨਾ ਪੈ ਰਿਹਾ ਹੈ ਕਿ ਇਟਲੀ ਵਿਚ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਨੌਜਵਾਨ ਆਪਣੇ ਬੁੱਢੇ ਮਾਂ-ਬਾਪ ਨੂੰ ਆਖ਼ਰੀ ਉਮਰੇ ਆਪਣੀ ਅਰਥੀ ਦੇ ਭਾਰ ਥੱਲੇ ਅਜਿਹਾ ਦੱਬ ਦਿੰਦੇ ਹਨ ਕਿ ਉਹ ਵਿਚਾਰੇ ਫਿਰ ਕਦੇ ਵੀ ਉਠ ਨਹੀਂ ਸਕਦੇ। ਅਜਿਹੀ ਹੀ ਇਕ ਘਟਨਾ ਇਟਲੀ ਦੀ ਰਾਜਧਾਨੀ ਰੋਮ ਵਿਖੇ ਵਾਪਰੀ। ਜਿਸ ਵਿਚ ਚਾਅਵਾਂ ਲਾਡਾਂ ਨਾਲ ਪਾਲਿਆ ਮਾਪਿਆਂ ਦਾ ਗੱਭਰੂ ਪੁੱਤਰ ਇਟਲੀ ਵਿਚ ਆ ਕੇ ਵੀ ਆਰਥਿਕ ਮੰਦਹਾਲੀ ਅੱਗੇ ਹਾਰ ਮੰਨਦਾ ਹੋਇਆ ਮੌਤ ਨੂੰ ਗਲੇ ਸ਼ਾਇਦ ਇਸ ਆਸ ਨਾਲ ਲਗਾ ਲੈਂਦਾ ਹੈ ਕਿ ਮੌਤ ਤੋਂ ਬਾਅਦ ਉਸ ਨੂੰ ਮੁਕਤੀ ਮਿਲ ਜਾਵੇਗੀ ਪਰ ਮੌਤ ਦੇ 6 ਮਹੀਨੇ ਬੀਤ ਜਾਣ ਦੇ ਬਾਅਦ ਵੀ ਇਸ ਨੌਜਵਾਨ ਦੀ ਲਾਸ਼ ਰੋਮ ਇਲਾਕੇ ਵਿਚ ਪਈ ਆਪਣੇ ਅੰਤਿਮ ਸੰਸਕਾਰ ਨੂੰ ਤਰਸ ਰਹੀ ਹੈ।
ਹਾਲਾਂਕਿ ਮੀਡੀਆ ਵੱਲੋਂ ਇਸ ਭਾਰਤੀ ਨੌਜਵਾਨ ਦੀ ਕੋਈ ਪਛਾਣ ਜਾਂ ਪਤਾ ਨਹੀਂ ਦੱਸਿਆ ਗਿਆ ਹੈ। ਮਰਹੂਮ ਨੌਜਵਾਨ ਦੇ ਇਕ ਦੋਸਤ ਨੇ ਦੱਸਿਆ ਕਿ ਜਿਸ ਏਜੰਸੀ ਨੇ ਲਾਸ਼ ਨੂੰ ਭਾਰਤ ਭੇਜਣਾ ਸੀ ਉਸ ਨੂੰ ਹਾਲੇ ਤੱਕ ਪੂਰੇ ਪੈਸੇ ਨਹੀਂ ਦਿੱਤੇ ਗਏ, ਜਿਸ ਕਾਰਨ ਲਾਸ਼ ਦੇ ਭਾਰਤ ਜਾਣ ਵਿਚ ਦੇਰੀ ਹੋ ਰਹੀ ਹੈ। ਜਦੋਂ ਕਿ ਮਰਹੂਮ ਨੌਜਵਾਨ ਦੇ ਇਕ ਨੇੜਲੇ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ 6 ਮਹੀਨੇ ਪਹਿਲਾਂ ਇਸ ਨੌਜਵਾਨ ਦੀ ਮੌਤ ਹੋਈ ਸੀ ਤਾਂ ਪੁਲਸ ਨੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਕਰਨ ਲਈ ਵਿਸਥਾਰਪੂਰਵਕ ਪੜਤਾਲ ਲਈ ਲਾਸ਼ ਨੂੰ ਭਾਰਤ ਜਾਣ ਤੋਂ ਰੋਕਿਆ ਅਤੇ ਕਿਹਾ ਕਿ ਇਸ ਦਾ ਇਟਲੀ ਵਿਚ ਹੀ ਸੰਸਕਾਰ ਕੀਤਾ ਜਾਵੇ। ਇਸ ਸਾਰੀ ਕਾਰਵਾਈ ਵਿਚ 3-4 ਮਹੀਨੇ ਲੱਗੇ। ਫਿਰ ਬਾਅਦ ਵਿਚ ਪੁਲਸ ਨੇ ਲਾਸ਼ ਨੂੰ ਭਾਰਤ ਲਿਜਾਣ ਦੀ ਇਜ਼ਾਜ਼ਤ ਦੇ ਦਿੱਤੀ ਤੇ ਹੁਣ ਸਾਰੇ ਪੇਪਰ ਤਿਆਰ ਹੁੰਦੇ 2 ਮਹੀਨੇ ਲੱਗ ਗਏ। ਉਮੀਦ ਹੈ ਕਿ ਜਲਦ ਹੀ ਲਾਸ਼ ਨੂੰ ਭਾਰਤ ਭੇਜਿਆ ਜਾਵੇਗਾ।
ਇਸ ਘਟਨਾ ਵਿਚ ਲਾਸ਼ ਦੀ ਇੰਝ ਬੇਕਦਰੀ ਦੇ ਅਸਲ ਕਾਰਨ ਕੀ ਹਨ, ਉਹ ਰਹੱਸ ਹਨ ਪਰ ਇਸ ਘਟਨਾ ਨਾਲ ਇਕ ਗੱਲ ਸਾਫ਼ ਹੁੰਦੀ ਹੈ ਕਿ ਬੇਸ਼ਕ ਸਾਡੇ ਪੰਜਾਬੀਆਂ ਨੇ ਇਟਲੀ ਵਿਚ ਅਨੇਕਾਂ ਧਾਰਮਿਕ ਅਸਥਾਨ ਮੰਨ ਦੀ ਸ਼ਾਂਤੀ ਲਈ ਬਣਾ ਲਏ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਬਹੁਤ ਘਟਨਾਵਾਂ ਅਜਿਹੀਆਂ ਹਨ, ਜਿੱਥੇ ਕਿ ਨਿਸ਼ਕਾਮ ਸੇਵਾ ਕਰਨ ਨਾਲ ਮਨ ਦੀ ਸ਼ਾਂਤੀ ਮਿਲ ਸਕਦੀ ਹੈ ਪਰ ਸੇਵਾ ਕਰਨ ਵਾਲੇ ਆਪਣੀ ਨਜ਼ਰ ਹੀ ਸਵੱਲੀ ਨਹੀਂ ਕਰਦੇ।