ਇਟਲੀ 'ਚ ਭਾਰਤੀਆਂ ਨੂੰ ਸਹਾਰਾ ਦਿੰਦੀ ਹੈ ਸਮਾਜ ਸੇਵੀ ਸੰਸਥਾ 'ਹੈਂਡ ਟੂ ਹੈਂਡ'

06/05/2018 3:32:18 PM

ਰੋਮ, (ਕੈਂਥ)— ਪ੍ਰਦੇਸ ਆ ਕੇ ਆਪਣੇ ਪਰਿਵਾਰ ਦਾ ਭਵਿੱਖ ਸੁਨਿਹਰਾ ਬਣਾਉਣ ਲਈ ਹਰ ਪ੍ਰਦੇਸੀ ਹੱਡ ਤੋੜਵੀਂ ਮਿਹਨਤ ਮੁਸ਼ਕਤ ਕਰਦਾ ਹੈ । ਅਜਿਹੇ ਬਹੁਤ ਘੱਟ ਭੱਦਰਪੁਰਸ਼ ਹਨ ਜੋ ਦੂਜਿਆਂ ਦੇ ਦੁੱਖਾਂ ਨੂੰ ਵੰਡਾਉਣ ਲਈ ਅਜਿਹੇ ਸ਼ਲਾਘਾਯੋਗ ਕਦਮ ਪੁੱਟਦੇ ਹਨ, ਜਿਹੜੇ ਕਿ ਆਮ ਲੋਕਾਂ ਲਈ ਮਿਸਾਲ ਬਣਕੇ ਉੱਭਰਦੇ ਹਨ।ਅਜਿਹੇ ਹੀ ਸਮਾਜ ਭਲਾਈ ਦੇ ਕੰਮਾਂ ਦਾ ਬੀੜਾ ਚੁੱਕਣ ਲਈ ਯਤਨਸ਼ੀਲ ਹੈ ਇਟਲੀ ਦੀ ਚਰਚਿਤ ਸੰਸਥਾ 'ਹੈਂਡ ਟੂ ਹੈਂਡ' । 
ਇਸ ਵਿੱਚ ਇਟਲੀ ਦੇ ਸ਼ਹਿਰ ਪਾਰਮਾਂ ਦੇ ਨਜਦੀਕ ਪਿੰਡ ਬਸ਼ੇਤੋ ਦੇ ਨੌਜਵਾਨ ਜਤਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ ਖੱਖ, ਅਮਨਦੀਪ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਮਸਿਆਣਾ, ਗੁਰਮਿੰਦਰ ਸਿੰਘ, ਹਰਦੀਪ ਸਿੰਘ ਬੋਦਲ, ਗੁਰਚਰਨ ਸਿੰਘ ਭੁੰਗਰਨੀ, ਸਨੀ ਕੰਗ, ਰਘਬੀਰ ਸਿੰਘ, ਪਰਮਜੀਤ ਸਿੰਘ ਮਸਿਆਣਾ, ਅਮੀਰ ਖਾਨ, ਭਾਗ ਸਿੰਘ, ਰਣਵੀਰ ਸਿੰਘ, ਕੁਲਵੀਰ ਸਿੰਘ ਹੀਰ ਅਤੇ ਸੁਰਜੀਤ ਸਿੰਘ ਆਦਿ ਭਾਰਤੀ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਸਦਕਾ ਸੇਵਾ ਨਿਭਾਅ ਰਹੇ ਹਨ ।
ਇਟਲੀ ਦੀ ਚਰਚਿਤ ਸੰਸਥਾ 'ਹੈਂਡ ਟੂ ਹੈਂਡ' ਸਮਾਜ ਸੇਵੀ ਸੰਸਥਾ ਹੈ, ਜਿਸ ਦੀ ਸਥਾਪਨਾ ਨਵੰਬਰ 2017 ਵਿੱਚ ਹੋਈ।ਸੰਸਥਾ ਵਲੋਂ ਇਟਲੀ ਵਿਚ ਹੁਣ ਤੱਕ ਸੰਪਰਕ ਵਿਚ ਆਏ 9 ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾ ਚੁੱਕੀ ਹੈ ਅਤੇ ਕੁਝ ਅਜਿਹੇ ਬਦਨਸੀਬ ਭਾਰਤੀ ਪੰਜਾਬੀ ਜਿਹੜੇ ਕਿ ਜਿੰਦਗੀ ਦੀ ਜੰਗ ਹਾਰ ਗਏ, ਉਨਾਂ ਦੇ ਮ੍ਰਿਤਕ ਸਰੀਰਾਂ ਨੂੰ ਭਾਰਤ ਭੇਜਣ ਵਾਸਤੇ 500-500 ਯੂਰੋ ਦੀ ਸਹਾਇਤਾ ਵੀ ਕਰ ਚੁੱਕੀ ਹੈ। ਬੀਤੇ ਦਿਨ ਸੰਸਥਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫਰੈਂਕੋ ਅਮਿਲੀਆ ਮੋਦਨਾ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮੌਕੇ ਠੰਡੇ ਮਿੱਠੇ ਜਲ ਅਤੇ ਜੂਸ ਆਦਿ ਦੀ ਸੇਵਾ ਕੀਤੀ ਗਈ। ਸੰਸਥਾ ਆਗੂਆਂ ਵੱਲੋਂ ਨਿਮਰਤਾ ਨਾਲ ਇਟਲੀ ਵਿੱਚ ਰੈਣ-ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਟਲੀ ਵਿਚ ਕਿਸੇ ਗਰੀਬ ਪਰਿਵਾਰ ਜਾਂ ਕੋਈ ਮੰਦਭਾਗੀ ਘਟਨਾ ਸਮੇਂ ਉਨ੍ਹਾਂ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ ਤਾਂ ਕਿ ਅਸਲ ਰੂਪ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ।