ਇਟਲੀ 'ਚ ਸਿੱਖ ਧਰਮ ਰਜਿਸਟਰਡ ਨਾ ਹੋਣ ਕਾਰਨ ਵਧੀਆਂ ਸਿੱਖਾਂ ਦੀਆਂ ਮੁਸ਼ਕਲਾਂ

10/17/2018 12:22:28 PM

 ਰੋਮ (ਕੈਂਥ)- ਉਂਝ ਇਹ ਆਮ ਧਾਰਨਾ ਹੈ ਕਿ ਗੁਰੂ ਦਾ ਅਸਲ ਸਿੱਖ, ਧਰਮ ਲਈ ਸਦਾ ਸਿਰ ਦੇਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ ਪਰ ਇਟਲੀ ਵਿਚ ਹੁਣ ਤੱਕ ਇਹ ਧਾਰਨਾ ਸੰਗਤਾਂ ਨੂੰ ਨਜ਼ਰੀ ਨਹੀਂ ਆਈ। ਜਿਸ ਕਾਰਨ   ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦਾ ਮਾਮਲਾ ਕਰੀਬ 20 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਉਥੇ ਹੀ ਖੜ੍ਹਾ ਦਿਖਾਈ ਦੇ ਰਿਹਾ ਹੈ ਜਿੱਥੋਂ ਚੱਲਿਆ ਸੀ। ਹਾਂ ਇਹ ਜ਼ਰੂਰ ਹੋਇਆ ਹੈ ਕਿ ਇਟਲੀ ਦੇ ਬਹੁਤੇ ਸਿੱਖ ਆਗੂ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਮਾਮਲੇ ਨੂੰ ਮੁੱਦਾ ਬਣਾ ਆਪ ਗੰਗਾਧਰ ਤੋਂ ਸ਼ਕਤੀਮਾਨ ਬਣ ਗਏ ਹਨ। ਇਟਲੀ ਵਿਚ ਸਿੱਖ ਧਰਮ ਦੇ ਆਗੂ ਜਿੰਨ੍ਹਾਂ ਵਿਚ ਆਪਸੀ ਗੁੱਟਬੰਦੀ ਹੋਣ ਕਾਰਨ ਆਪਸੀ ਸਹਿਮਤੀ ਨਾ ਹੋਣ ਦੀ ਵਜ੍ਹਾ ਮੋਹਤਬਰੀ ਦਾ ਝੰਡਾ ਆਪੋ ਆਪਣੇ ਹੱਥ ਵਿਚ ਲੈਣ ਦੀ ਜਿੱਦ ਨੇ ਇਟਲੀ ਵੱਸਦੇ ਸਿੱਖਾਂ ਲਈ ਇੱਕ ਚਿੰਤਾ ਦਾ ਵਿਸਾ ਬਣਾਇਆ ਹੋਇਆ ਹੈ, ਜਿਸ ਦੇ ਕਾਰਨ ਇਟਲੀ ਵਿਚ ਕਈ ਸਿੱਖਾਂ ਉੱਪਰ ਸਿਰੀ ਸਾਹਿਬ ਪਾਉਣ ਦੇ ਕੇਸ ਇਟਲੀ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹੋ ਚੁੱਕੇ ਹਨ ਜਿਹੜੇ ਕਿ ਅੱਜ ਤੱਕ ਵੀ ਤਰੀਕਾਂ ਭੁਗਤਣ ਲਈ ਇਟਲੀ ਦੇ ਕੋਟ ਕਚਿਹਰੀਆਂ ਵਿਚ ਜਲਾਲਤ ਵਾਲੇ ਖੱਜਲ-ਖੁਆਰੀ ਦੇ ਧੱਕੇ ਖਾ ਰਹੇ ਹਨ ਤੇ ਜਿੰਨ੍ਹਾਂ ਦੀ ਕੋਈ ਸਿੱਖ ਆਗੂ ਸਾਰ ਤੱਕ ਨਹੀ ਲੈ ਰਹੇ ਹਨ।

ਇੱਥੇ ਦੱਸਣਯੋਗ ਬਣਦਾ ਹੈ ਕਿ ਇਟਲੀ ਸਰਕਾਰ ਦੇ ਕਾਨੂੰਨ ਤਹਿਤ ਕਿਸੇ ਵੀ ਵਿਅਕਤੀ ਨੂੰ ਸਿਰੀ ਸਾਹਿਬ ਜਾਂ ਕਿਰਪਾਨ ਆਦਿ ਜਨਤਕ ਥਾਵਾਂ ਉੱਪਰ ਲਿਜਾਣ ਦੀ ਇਜ਼ਾਜ਼ਤ ਨਹੀਂ ਹੈ ਭਾਵੇਂ ਇਹ ਕਕਾਰ (ਸਿਰੀ ਸਾਹਿਬ) ਸਿੱਖ ਕੌਮ ਲਈ ਧਰਮ ਦੀ ਰੱਖਿਆ ਸਬੰਧੀ ਅਹਿਮ ਸਥਾਨ ਰੱਖਦੇ ਹਨ ।ਜਿਸ ਸਬੰਧੀ ਬੀਤੇ ਸਮੇਂ ਵਿਚ ਇਟਲੀ ਸਰਕਾਰ ਦਾ ਵਿਸ਼ੇਸ਼ ਵਫ਼ਦ ਇਟਲੀ ਦੇ ਸਿੱਖ ਆਗੂਆਂ ਨੂੰ ਇਟਲੀ ਵਿਚ ਸੁੱਰਖਿਆ ਸਬੰਧੀ ਜਾਣੂੰ ਕਰਵਾਉਂਦਾ ਹੋਇਆ (4) ਇੰਚ ਦੀ ਕਿਰਪਾਨ ਦੀ ਇਜਾਜ਼ਤ ਸਬੰਧੀ ਇਟਲੀ ਦੇ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰ ਚੁੱਕਾ ਹੈ, ਪਰ ਇੰਨ੍ਹਾਂ ਸਿੱਖ ਆਗੂਆਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਸਿੱਖ ਧਰਮ ਦੀ ਰਜਿਸਟਰੇਸ਼ਨ ਅਤੇ ਸਿਰੀ ਸਾਹਿਬ ਦਾ ਮੁੱਦਾ ਉੱਥੇ ਹੀ ਖੜ੍ਹਾ ਹੈ।ਸਿੱਖ ਧਰਮ ਦੇ ਮਾਮਲੇ ਸਬੰਧੀ ਕਈ ਸਿੱਖ ਆਗੂਆਂ ਨਾਲ ਗੱਲਬਾਤ ਦੌਰਾਨ ਧਰਮ ਰਜਿਸਟਰਡ ਕਰਵਾਉਣ ਦੀ ਦਿਲਚਸਪੀ ਖਤਮ ਹੋ ਗਈ ਹੈ ਤੇ ਕਿਸੇ ਦਾ ਵੀ ਧਰਮ ਰਜਿਸਟਰਡ ਕਰਵਾਉਣ ਲਈ ਉਤਸ਼ਾਹ ਨਹੀ ਦਿਸ ਰਿਹਾ। 

ਇਟਲੀ ਦੇ ਕਈ ਨਾਮੀ ਸਿੱਖ ਆਗੂ ਤਾਂ ਇਹ ਮੁੱਦਾ ਲਟਕਦਾ ਹੀ ਛੱਡ ਇਟਲੀ ਤੋਂ ਕਿਸੇ ਹੋਰ ਦੇਸ਼ ਕੂਚ ਕਰ ਚੁੱਕੇ ਹਨ ਜਿਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਟਲੀ ਦੀ ਸਿੱਖ ਸੰਗਤ ਨੂੰ ਨਵੀਂ ਸਰਕਾਰ ਦੇ ਸਖ਼ਤ ਕਾਨੂੰਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਸਿੱਖ ਸੰਗਤਾਂ ਤਾਂ ਕਾਨੂੰਨ ਦੀ ਚੱਕੀ ਵਿਚ ਘੁਣ ਵਾਂਗ ਪੀਸ ਵੀ ਹੋ ਰਹੀਆਂ ਹਨ ਜਿਹੜੀਆਂ ਕਿ ਸਿਰੀ ਸਾਹਿਬ ਪਹਿਨਣ ਕਾਰਨ ਜੁਰਮਾਨਾ ਭੁਗਤਣ ਲਈ ਆਪਣੇ ਆਪ ਨੂੰ ਬੇਵੱਸ ਤੇ ਲਾਚਾਰ ਮਹਿਸੂਸ ਕਰ ਰਹੀਆਂ ਹਨ।ਜਿਹਨਾਂ ਵਿਚੋਂ ਹਾਲ ਹੀ ਵਿਚ ਦੋ ਸਿੱਖ ਨੌਜਵਾਨ ਬਲਬੀਰ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਜਨਤਕ ਥਾਂ 'ਤੇ ਸਿਰੀ ਸਾਹਿਬ ਪਹਿਨਣ ਲਈ ਸਥਾਨਕ ਪ੍ਰਸ਼ਾਸ਼ਨ ਨੇ 400-400 ਯੂਰੋ ਜੁਰਮਾਨ ਕਰ ਦਿੱਤਾ ਹੈ।

ਵਰਨਣਯੋਗ ਹੈ ਕਿ ਸ੍ਰੀ ਅਕਾਲ ਤਖੱਤ ਸਾਹਿਬ (ਅੰਮ੍ਰਿਤਸਰ) ਵੀ ਇਸ ਧਰਮ ਰਜਿਸਟਰਡ ਤੇ ਸਿਰੀ ਸਾਹਿਬ ਮਾਮਲੇ ਵਿਚ ਕਾਫੀ ਜਦੋ ਜਹਿਦ ਕਰ ਚੁੱਕਾ ਹੈ ਪਰਤੂੰ ਚੌਧਰਬਾਜ਼ਾਂ ਨੇ ਦੋਨਾਂ ਧਿਰਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਣ ਦਿੱਤੀ ਤੇ ਅਖ਼ੀਰ ਉਹ ਕਹਾਵਤ ਦੇ ਸੱਚ ਹੋਣ ਕਿਨਾਰੇ ਹੈ ਕਿ“ਸੰਗਤਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ''।ਜੇਕਰ ਜਲਦ ਇਟਲੀ ਦੀਆਂ ਸਿੱਖ ਸੰਗਤਾਂ ਨੇ ਮਹਾਨ ਸਿੱਖ ਧਰਮ ਦੇ ਇਟਲੀ ਵਿਚ ਰਜਿਸਟਰਡ ਹੋਣ ਵਾਲੇ ਕੇਸ ਦੀ ਪੈਰਵੀ ਸੰਜੀਦਾ ਢੰਗ ਨਾਲ ਨਾ ਕੀਤੀ ਤਾਂ ਸਿਰੀ ਸਾਹਿਬ ਨੂੰ ਲੈ ਕੇ ਪ੍ਰਸ਼ਾਸ਼ਨ ਦਾ ਰਵੱਈਆ ਹੋਰ ਸਖ਼ਤ ਹੋਣ ਦੇ ਕਿਆਫ਼ੇ ਲਗਾਏ ਜਾ ਰਹੇ ਹਨ ਕਿਉਂਕਿ ਜਿਹੜੇ ਆਗੂ ਪਹਿਲਾਂ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਨਾਂਅ ਹੇਠ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਦਿਲਾਸੇ ਦਿੰਦੇ ਸਨ ਉਹ ਆਪ ਹੀ ਗੁੰਥਮਗੁਥਾ ਹਨ।ਇਹਨਾਂ ਆਗੂਆਂ ਦੀ ਸਿੱਖ ਧਰਮ ਰਜਿਸਟਰਡ ਕਰਵਾਉਣ ਸਬੰਧੀ ਕਿਸੇ ਵੀ ਕਾਰਵਾਈ ਨੂੰ ਸੰਗਤ ਵਿਚ ਨਸ਼ਰ ਨਾ ਕਰਨਾ ਇਕ ਸਵਾਲੀਆ ਚਿੰਨ੍ਹ ਬਣਦਾ ਜਾ ਰਿਹਾ ਹੈ।