ਇਟਲੀ ਦਾ 'ਭੰਗੜਾ ਬੁਆਇਜ਼ ਐਂਡ ਗਰਲਜ਼ ਇਤਾਲੀਆ' ਜਲੰਧਰ ‘ਚ ਹੋ ਰਹੇ ਵਰਲੱਡ ਕੱਪ 'ਚ ਪਾਏਗਾ ਧਮਾਲ

09/20/2021 1:42:56 PM

ਰੋਮ (ਕੈਂਥ): ਪੰਜਾਬੀ ਲੋਕ ਨਾਚ ਭੰਗੜੇ ਦੀ ਜਦੋਂ ਵੀ ਕੋਈ ਵਿਦੇਸ਼ਾਂ ਵਿੱਚ ਬਾਤ ਪਾਉਂਦਾ ਹੈ ਤਾਂ ਦੇਸੀਆਂ ਦੇ ਨਾਲ ਵਿਦੇਸ਼ੀ ਵੀ ਝੂਮ ਉੱਠਦੇ ਹਨ।ਕਈ ਵਿਦੇਸ਼ੀ ਤਾਂ ਅਜਿਹੇ ਹਨ ਜਿਹੜੇ ਭੰਗੜੇ ਦੇ ਇਸ ਕਦਰ ਦਿਵਾਨੇ ਹੁੰਦੇ ਹਨ ਕਿ ਉਚੇਚੇ ਤੌਰ 'ਤੇ ਭੰਗੜਾ ਦੇਖਦੇ ਹੀ ਨਹੀਂ ਸਗੋਂ ਕਿਸੇ ਚੰਗੇ ਭੰਗੜੇ ਦੇ ਕਪਤਾਨ ਤੋਂ ਭੰਗੜਾ ਸਿੱਖ ਕੇ ਫਿਰ ਭੰਗੜੇ ਦੇ ਪਿੜ ਵਿੱਚ ਧਮਾਲ ਪਾਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਮਾਣਮੱਤਾ ਕਾਰਜ ਕਰ ਰਿਹਾ ਹੈ ਇਟਲੀ ਦਾ ਭੰਗੜਾ ਗਰੁੱਪ ਬੁਆਇਜ਼ ਐਂਡ ਗਰਲਜ਼ ਭੰਗੜਾ ਇਤਾਲੀਆ।ਜਿਸ ਵਿੱਚ ਪੰਜਾਬਣ ਮੁਟਿਆਰਾਂ ਨਹੀ ਸਗੋਂ ਇਟਾਲੀਅਨ ਮੁਟਿਆਰਾਂ ਅੱਡੀ ਦੇ ਜ਼ੋਰ ਨਾਲ ਧਰਤੀ ਹਿਲਾ ਦਿੰਦਿਆਂ ਹਨ।

ਇਸ ਭੰਗੜਾ ਗਰੁੱਪ ਦੀ ਅਗਵਾਈ ਕਰ ਰਹੇ ਹਨ ਇਟਲੀ ਦੇ ਨਾਮੀ ਭੰਗੜਾ ਕਪਤਾਨ ਕੋਚ ਵਰਿੰਦਰਦੀਪ ਸਿੰਘ ਰਵੀ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਟਲੀ ਵਿੱਚ ਦੇਸੀਆਂ ਦੇ ਨਾਲ ਵਿਦੇਸ਼ੀਆਂ ਨੂੰ ਵੀ ਪੰਜਾਬ ਦਾ ਲੋਕ ਨਾਚ ਭੰਗੜਾ ਸਿਖਾਉਣ ਦਾ ਸ਼ਲਾਘਾਯੋਗ ਕਾਰਜ ਕਰ ਰਹੇ ਹਨ ਤੇ ਹੁਣ ਤੱਕ ਕਈ ਇਟਾਲੀਅਨ ਮੁਟਿਆਰਾਂ ਨੂੰ ਭੰਗੜੇ ਵਿੱਚ ਨਿਪੁੰਨ ਕਰ ਚੁੱਕੇ ਹਨ।ਇਸ ਭੰਗੜਾ ਗਰੁੱਪ ਦੇ ਭੰਗੜੇ ਦੀ ਧਮਕ ਯੂਰਪ ਦੇ ਦੇਸ਼ ਜਰਮਨ, ਸਪੇਨ, ਫਰਾਂਸ ਤੇ ਸਪੇਨ ਤੋਂ ਹੁੰਦਿਆਂ ਜਿੱਥੇ ਇੰਗਲੈਂਡ ਤੇ ਕੈਨੇਡਾ ਤੱਕ ਵੀ ਪੈ ਚੁੱਕੀ ਹੈ ਉੱਥੇ ਹੁਣ ਡਾ. ਇੰਦਰਜੀਤ ਸਿੰਘ ਜੀ ਨੂੰ ਸਮਰਪਿਤ ਪੰਜਾਬ ਦੀ ਧਰਤੀ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਹੋ ਰਹੇ ਭੰਗੜਾ ਵਰੱਲਡ ਕੱਪ ਵਿੱਚ ਅਕਤੂਬਰ ਮਹੀਨੇ ਆਨ ਲਾਈਨ ਪਵੇਗੀ।

ਪੜ੍ਹੋ ਇਹ ਅਹਿਮ ਖਬਰ- 'ਕਦੇ ਰੋਂਦਾ ਨਹੀਂ ਹੈ ਇਹ 6 ਮਹੀਨੇ ਦਾ ਬੱਚਾ', ਅਜੀਬ ਬੀਮਾਰੀ ਕਾਰਨ ਮਾਂ ਹੋਈ ਪਰੇਸ਼ਾਨ (ਤਸਵੀਰਾਂ)

ਇਟਲੀ ਦੇ ਸ਼ਹਿਰ ਪਾਦੋਵਾ ਦੇ ਵਸਨੀਕ ਭੰਗੜਾ ਕੋਚ ਵਰਿੰਦਰਦੀਪ ਸਿੰਘ ਰਵੀ ਨੇ “ਜਗਬਾਣੀ” ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਸ ਤਰ੍ਹਾਂ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਵੀ ਇਟਲੀ ਵਿੱਚ ਪ੍ਰਫੱਲਤ ਕਰਨ ਲਈ ਪੰਜਾਬੀ ਭਾਈਚਾਰੇ ਨੂੰ ਸੰਜੀਦਾ ਹੋਣਾ ਚਾਹੀਦਾ ਹੈ ਤਦ ਹੀ ਇਟਲੀ ਵਿੱਚ ਸੰਪੂਰਨ ਪੰਜਾਬ ਬਣ ਸਕੇਗਾ।ਪੰਜਾਬ ਵਿੱਚ ਹੋ ਰਹੇ ਭੰਗੜਾ ਵਰੱਲਡ ਕੱਪ ਸੰਬਧੀ ਜਾਣਕਾਰੀ ਦਿੰਦਿਆਂ ਕੋਚ ਰਵੀ ਨੇ ਕਿਹਾ ਕਿ ਇਸ ਵਰਲੱਡ ਕੱਪ ਵਿੱਚ 22 ਟੀਮਾਂ ਵਿਦੇਸ਼ਾਂ ਤੋਂ ਤੇ 23 ਟੀਮਾਂ ਦੇਸ਼ ਤੋਂ ਸ਼ਮੂਲੀਅਤ ਕਰਨਗੀਆਂ।ਕੋਵਿਡ ਕਾਰਨ ਉਹ ਇਸ ਵਰਲੱਡ ਕੱਪ ਵਿੱਚ ਆਨ ਲਾਈਨ ਭਾਗ ਲੈਣਗੇ, ਜਿਸ ਦੀਆਂ ਤਿਆਰੀਆਂ ਉਹਨਾਂ ਵੱਲੋਂ ਜ਼ੋਰਾਂ 'ਤੇ ਹੈ।ਇਸ ਸਮੇਂ ਗਰੁੱਪ ਬੁਆਇਜ਼ ਐਂਡ ਗਰਲਜ਼ ਭੰਗੜਾ ਇਤਾਲੀਆ ਵਿੱਚ 14 ਮੈਂਬਰ ਹਨ ਜਿਹਨਾਂ ਵਿੱਚੋਂ 9 ਇਟਾਲੀਅਨ ਕੁੜੀਆਂ ਹਨ ਜਿਹੜੀਆਂ ਕਿ ਭੰਗੜੇ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਹਨ।

Vandana

This news is Content Editor Vandana