ਇਟਲੀ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ 'ਚ ਮਨਾਇਆ ਗਿਆ ਧਾਰਮਿਕ ਸਮਾਗਮ

07/11/2018 2:25:23 PM

ਰੋਮ,(ਕੈਂਥ)— ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ “ਬੇਗਮਪੁਰਾ ਸ਼ਹਿਰ ਕੋ ਨਾਉ'' ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ(ਵਿਚੈਂਸਾ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ । ਇਸ ਮੌਕੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪਰੰਤ ਸਜੇ ਕੀਰਤਨ ਦਰਬਾਰ ਵਿੱਚ ਗਿਆਨੀ ਨਰਿੰਦਰ ਸਿੰਘ ਯੂ. ਕੇ. ਵਾਲਿਆਂ ਨੇ ਸੰਗਤਾਂ ਨੂੰ ਸਤਿਗੁਰੂ ਜੀ ਦੀ ਰਚਿਤ ਬਾਣੀ “ਅੰਮ੍ਰਿਤਬਾਣੀ'' ਨੂੰ ਆਪ ਪੜ੍ਹਨ ਅਤੇ ਸਮਝਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬਾਣੀ ਕੰਠ ਕਰਨ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਵੀ ਕੀਤਾ ਗਿਆ । ਇਸ ਮੌਕੇ ਭਾਰਤ ਦੀ ਧਰਤੀ ਤੋਂ ਮਿਸ਼ਨ ਦੇ ਮਹਾਨ ਸੰਤ ਨਰਿੰਜਣ ਦਾਸ ਜੀ (ਮੁਖੀ ਡੇਰਾ ਸੱਚਖੰਡ ਬੱਲਾਂ, ਜਲੰਧਰ) ਦੇ ਦਰਸ਼ਨ ਕਰਨ ਲਈ ਇਲਾਕੇ ਭਰ ਤੋਂ ਸੰਗਤਾਂ ਕਾਫ਼ਲਿਆਂ ਦੇ ਰੂਪ ਵਿੱਚ ਪੁੱਜੀਆਂ ।


ਇਸ ਸਮਾਗਮ ਮੌਕੇ ਦੋ ਦਿਨਾਂ ਤਕ ਲਗਾਤਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਹੁੰਦਾ ਰਿਹਾ, ਜਿਸ ਦਾ ਸਮੂਹ ਸੰਗਤਾਂ ਵੱਲੋਂ ਭਰਪੂਰ ਲਾਹਾ ਲਿਆ ਗਿਆ। ਇਸ ਸਮਾਗਮ ਦੇ ਦੀਵਾਨਾਂ ਤੋਂ ਬਰੈਨਦੋਲੇ ਵਾਲੀਆਂ ਬੀਬੀਆਂ ਦੇ ਜੱਥੇ ਨੇ ਗੁਰੂ ਜੀ ਦੀ ਆਲੌਕਿਕ ਬਾਣੀ ਦਾ ਰੂਹਾਨੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ।ਉਪੰਰਤ ਕੁਲਜਿੰਦਰ ਬਬਲੂ ਸਟੇਜ ਸਕੱਤਰ ਨੇ ਵੀ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਦੀ ਵਿਆਖਿਆ ਸੰਗਤਾਂ ਨੂੰ ਸਰਵਣ ਕਰਵਾਈ। ਜਸਵੀਰ ਬੱਬੂ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ(ਵਿਚੈਂਸਾ)ਨੇ ਸੰਤ ਨਿਰੰਜਣ ਦਾਸ ਜੀ ਹੁਰਾਂ ਦਾ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਲਈ ਉਚੇਚੇ ਤੌਰ ਤੇ ਵਿਸੇਥਸ ਧੰਨਵਾਦ ਕੀਤਾ। ਪ੍ਰੈੱਸ ਨੂੰ ਇਹ ਜਾਣਕਾਰੀ ਅਜਮੇਰ ਕਲੇਰ ਪ੍ਰੈੱਸ ਸਕੱਤਰ ਨੇ ਦਿੱਤੀ।