ਇਟਲੀ : ਦੋ ਗੁੱਟਾਂ 'ਚ ਖੂਨੀ ਝੜਪ, ਪੰਜਾਬੀ ਨੌਜਵਾਨ ਨੂੰ ਮਾਰੀ ਗੋਲੀ

02/17/2019 5:51:27 PM

ਰੋਮ/ਇਟਲੀ (ਕੈਂਥ)— ਇਟਲੀ ਵਿਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਪਿਆ ਕਿ ਕੱਲ੍ਹ ਇਕ ਹੋਰ ਇਕ ਪੰਜਾਬੀ ਵਲੋਂ ਆਪਸੀ ਝਗੜੇ ਵਿਚ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ਗੋਲੀ ਮਾਰ ਕੇ ਹਲਾਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਇਸ ਝਗੜੇ ਵਿਚ ਇਕ ਹੋਰ ਪੰਜਾਬੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜੋ ਕਿ ਜੇਰੇ ਇਲਾਜ ਹੈ ।ਮਿਲੀ ਜਾਣਕਾਰੀ ਮੁਤਾਬਕ ਇਲਾਕਾ ਤੋਰੀਨੋ ਵਿਚ ਬਸੇਰਾ ਕਰਦੇ ਪੰਜਾਬੀ ਭਾਈਚਾਰੇ ਦੇ ਦੋ ਗੁੱਟਾਂ ਵਿਚ ਕਿਸੇ ਆਪਸੀ ਮਤਭੇਦ ਨੂੰ ਲੈ ਕੇ ਝਗੜਾ ਹੋਇਆ। ਇਹ ਝਗੜਾ ਉਸ ਵੇਲੇ ਖੂਨੀ ਜੰਗ ਬਣ ਗਿਆ ਜਦੋਂ ਪੰਜਾਬੀ ਬਿਕਰਮਜੀਤ ਸਿੰਘ  ਨੇ ਆਪਣੀ ਵਿਰੋਧੀ ਧਿਰ ਦੇ ਪੰਜਾਬੀ ਬਲਦੇਵ ਰਾਜ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਇਕ ਹੋਰ ਪੰਜਾਬੀ ਨੂੰ ਗੰਭੀਰ ਜਖਮੀ ਕੀਤਾ ।

ਬੀਤੇ ਦਿਨੀਂ ਇਸ ਝਗੜੇ ਵਿਚ ਹੋਈ ਖੂਨੀ ਝੜਪ ਨੇ ਇਟਲੀ ਦੇ ਪੂਰੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਲੀ ਨੇ ਇਸ ਵਾਰਦਾਤ ਦੇ ਮੁੱਖ ਦੋਸ਼ੀ ਪੰਜਾਬੀ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਹੋਈ ਇਹ ਖੂਨੀ ਜੰਗ ਕੋਈ ਪਹਿਲੀ ਨਹੀਂ ਹੈ। ਇਸ ਤੋ ਪਹਿਲਾਂ ਵੀ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿਚ ਅਜਿਹੀਆ ਗੈਂਗ ਵਾਰਦਾਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸ਼ਾਮਿਲ ਅਪਰਾਧਕ ਬਿਰਤੀ ਵਾਲੇ ਪੰਜਾਬੀਆਂ ਨੇ ਇਟਲੀ ਦੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀ ਛੱਡੀ ।ਅਜਿਹੀਆਂ ਲੜਾਈਆਂ ਦੇ ਕਾਰਨ ਹੀ ਇਟਲੀ ਦਾ ਪ੍ਰਸ਼ਾਸਨ ਅਤੇ ਇਟਾਲੀਅਨ ਲੋਕ ਸਾਡੇ ਬਾਰੇ ਕੋਈ ਵਧੀਆ ਸੋਚ ਨਹੀ ਰੱਖ ਰਹੇ।ਜੇਕਰ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਅਜਿਹੀਆ ਗੈਂਗ ਵਾਰਦਾਤਾਂ ਨੂੰ ਨੱਥ ਨਾ ਪਾਈ ਤਾਂ ਉਹ ਦਿਨ ਦੂਰ ਨਹੀ ਜਦੋਂ ਪੰਜਾਬ ਦੇ ਥਾਣਿਆਂ ਵਾਂਗਰ ਹੀ ਇਟਲੀ ਦੇ ਥਾਣਿਆਂ ਵਿਚ ਮੋਸਟ ਵਾਂਟੇਡ ਪੰਜਾਬੀ ਗੈਂਗਸਟਰਾਂ ਦੀਆਂ ਤਸਵੀਰਾਂ ਲੱਗਣਗੀਆਂ ।

Kainth

This news is Reporter Kainth