ਇਟਲੀ : ਸ਼ੱਕੀ ਹਲਾਤਾਂ 'ਚ ਪੰਜਾਬੀ ਦੀ ਮੌਤ, ਪਰਿਵਾਰ ਨੂੰ ਨਹੀਂ ਮਿਲੀ ਮ੍ਰਿਤਕ ਦੇਹ

07/03/2019 9:03:01 AM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਤੌਰੀਨੋ ਨਾਲ ਲੱਗਦੇ ਕਸਬਾ ਲੀਵੋਰਨੋ ਫੈਰਾਰਸੀ 'ਚ ਇਕ ਪੰਜਾਬੀ ਮੁੰਡੇ ਸਨੀ ਰਾਮ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਘੋੜਿਆਂ ਦੇ ਫਾਰਮ 'ਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨਾਂ ਤੋਂ ਉਸ ਦਾ ਫੋਨ ਬੰਦ ਆਉਣ 'ਤੇ ਉਸ ਦੇ ਨਜ਼ਦੀਕੀਆਂ ਨੂੰ ਉਸ ਦੀ ਤੰਦਰੁਸਤੀ ਦਾ ਫਿਕਰ ਹੋ ਗਿਆ। ਜਦ ਉਸ ਦੇ ਭਰਾਵਾਂ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਨੇੜਲੇ ਪੁਲਸ ਸਟੇਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਨੀ ਹੁਣ ਇਸ ਦੁਨੀਆ 'ਤੇ ਹੀ ਰਿਹਾ ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਪੁਲਸ ਦਾ ਕਹਿਣਾ ਹੈ ਕਿ ਸਨੀ ਨੇ ਫਾਰਮ ਹਾਊਸ 'ਚ ਫਾਹਾ ਲੈ ਕੇ ਆਪਣੀ ਜੀਵਲ ਲੀਲਾ ਖਤਮ ਕਰ ਲਈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦਾ ਤੇ ਪਿਛਲੇ ਕੁਝ ਸਮੇਂ ਤੋਂ ਉਸ ਦੇ ਆਪਣੇ ਮਾਲਕ ਨਾਲ ਸਬੰਧ ਬਹੁਤੇ ਵਧੀਆ ਨਾ ਹੋਣ ਕਰਕੇ ਇਸ ਮਾਮਲੇ ਨੂੰ ਸ਼ੱਕੀ ਨਿਗਾਹਾਂ ਨਾਲ ਵੇਖਿਆ ਜਾ ਰਿਹਾ ਹੈ। ਸਿੱਖ ਭਾਈਚਾਰੇ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਵਲੋਂ ਮਿਲਾਨ ਸਥਿਤ ਭਾਰਤੀ ਅੰਬੈਸੀ ਦੇ ਸਹਿਯੋਗ ਨਾਲ ਮੌਤ ਦੇ ਅਸਲ ਕਾਰਨ ਜਾਨਣ ਲਈ ਪੈਰਵਾਈ ਕੀਤੀ ਜਾ ਰਹੀ ਹੈ। ਓਧਰ ਦੂਜੇ ਪਾਸੇ ਮ੍ਰਿਤਕ ਦੇ ਭਰਾ ਮਨੀ ਦਾ ਕਹਿਣਾ ਹੈ ਪੁਲਸ ਨੇ ਹਾਲੇ ਤੱਕ ਉਨ੍ਹਾਂ ਨੂੰ ਉਸ ਦੇ ਭਰਾ ਦੀ ਮ੍ਰਿਤਕ ਦੇਹ ਨਹੀਂ ਦਿਖਾਈ।