ਇਟਲੀ ਪੁਲਸ ਹੱਥ ਲੱਗੀ ਵੱਡੀ ਸਫਲਤਾ, ਲੁੱਟਾਂ-ਖੋਹਾਂ ਕਰਨ ਵਾਲੇ ਮਾਫੀਏ ਖਿਲਾਫ ਕੱਸਿਆ ਸ਼ਿਕੰਜਾ

12/06/2017 4:44:43 PM

ਮਿਲਾਨ(ਸਾਬੀ ਚੀਨੀਆ)— ਇਟਾਲੀਅਨ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਮਾਫੀਏ ਨੂੰ ਠੱਲ੍ਹ ਪਾਉਣ ਲਈ ਚਲਾਏ ਆਪ੍ਰੇਸ਼ਨ ਤਹਿਤ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੀਤੇ ਦਿਨ ਪੁਲਸ ਵੱਲੋਂ ਇੱਥੋਂ ਦੇ ਪਲੇਰਮੋ ਸ਼ਹਿਰ ਵਿਖੇ ਲੁੱਟਾਂ-ਖੋਹਾਂ ਦੇ ਦੋਸ਼ ਹੇਠ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਦੋਸ਼ੀਆਂ ਵਿਚ 1 ਔਰਤ ਵੀ ਸ਼ਾਮਿਲ ਹੈ। ਪੁਲਸ ਨੇ ਦੱਸਿਆ ਕਿ ਇਹ ਗਿਰੋਹ ਡਰਾ ਧਮਕਾ ਕੇ ਯੂਰੋ ਬਟੋਰਦਾ ਸੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ। ਇਨ੍ਹਾਂ ਦੀਆਂ ਤੰਦਾਂ ਧਨੀ ਵਿਅਕਤੀਆਂ ਤੇ ਰਾਜਨੀਤਕ ਲੀਡਰਾਂ ਨਾਲ਼ ਜੁੜੀਆਂ ਦੱਸੀਆਂ ਗਈਆਂ ਹਨ।
ਇਟਾਲੀਅਨ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਦੇ ਅਧਾਰ 'ਤੇ ਪੁਲਸ ਵੱਲੋਂ ਅਜਿਹੇ ਸਰਗਨਿਆਂ ਨੂੰ ਕਾਬੂ ਪਾਉਣ ਲਈ “ਐਂਟੀ ਮਾਫੀਆ ਆਪਰੇਸ਼ਨ'' ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ ਅਤੇ ਸ਼ੱਕੀਆਂ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਲੁੱਟ-ਖੋਹ ਕਰਨ ਵਾਲੇ ਮਾਫੀਆ ਦੇ ਬੋਸ ਟਰਟੀਨੀ ਦੀ ਮੌਤ ਉਪਰੰਤ ਓਸਟੀਆ ਸ਼ਹਿਰ ਵਿਖੇ ਲੋਕਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਲੁੱਟ-ਖੋਹਾਂ ਨੂੰ ਵਧਣ ਤੋਂ ਰੋਕਣ ਲਈ ਸਖਤ ਕਦਮ ਪੁੱਟੇ ਜਾਣ ਦੀ ਮੰਗ ਵੀ ਕੀਤੀ ਗਈ ਸੀ ਤਾਂ ਜੋ ਮਾਫੀਆ ਫਿਰ ਤੋਂ ਪੈਰ ਨਾ ਪਸਾਰ ਸਕੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਟਲੀ ਦੇ ਸਮੁੰਦਰੀ ਤੱਟ ਸਚੀਲੀਆ ਦਾ ਲੁੱਟਾਂ-ਖੋਹਾਂ ਕਰਨ ਵਾਲਾ ਮਾਫੀਆ ਵੀ ਵਿਸ਼ਵ ਭਰ ਵਿਚ ਜਾਣਿਆ ਜਾਂਦਾ ਰਿਹਾ ਹੈ। ਇਸ ਮਾਫੀਏ ਦੇ ਸਭ ਤੋਂ ਵੱਡੇ ਸਰਗਨੇ ਇੱਥੇ ਹੀ ਸਰਗਰਮ ਸਨ ਸਮੁੰਦਰ ਦਾ ਫਾਇਦਾ ਚੁੱਕ ਕੇ ਇਹ ਗਿਰੋਹ ਇੱਥੋਂ ਹੀ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਸਨ।