ਇਟਲੀ : ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

06/10/2019 2:58:53 PM

ਰੋਮ, (ਕੈਂਥ)— ਸਿੱਖ ਧਰਮ ਦੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਇਟਲੀ ਦੇ ਸ਼ਹਿਰ ਲਾਤੀਨਾ ਵਿਖੇ ਮਨਾਇਆ ਗਿਆ। ਗੁਰੂ ਜੀ ਦੇ 540ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ 7ਵਾਂ ਨਗਰ ਕੀਰਤਨ ਲਾਸੀਓ ਸੂਬੇ ਦੇ ਗੁਰਦੁਆਰਾ ਸਿੰਘ ਸਭਾ ਸੰਨਵੀਤੋ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਤੇਰਾਚੀਨਾ ਵਿਖੇ ਸਜਾਇਆ ਗਿਆ।
ਨਗਰ ਕੀਰਤਨ ਦੁਪਿਹਰ ਸਮੇਂ ਸ਼ਹਿਰ ਤੇਰਾਚੀਨਾ ਦੇ ਚੌਕ ਤੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਇਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ।

ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਮੌਕੇ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਦੇ ਪ੍ਰਸ਼ਾਦ ਵੀ ਵਰਤਾਏ ਗਏ। ਇਸ ਮੌਕੇ ਪੰਥ ਦੇ ਪ੍ਰਸਿੱਧ ਕਵੀਸ਼ਰੀ ਗਿਆਨੀ ਅਜੀਤ ਸਿੰਘ ਅਤੇ ਗਿਆਨੀ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਢਾਡੀ ਅਤੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ । 

ਇਸ ਨਗਰ ਕੀਰਤਨ ਵਿੱਚ ਤੇਰਨੀ ਗੁਰਦੁਆਰਾ ਸਾਹਿਬ ,ਵਤੈਰਵੋ ਗੁਰਦੁਆਰਾ ਸਾਹਿਬ , ਰੋਮ ਗੁਰਦੁਆਰਾ ਸਾਹਿਬ, ਲਵੀਨੀਓ ਗੁਰਦੁਆਰਾ ਸਾਹਿਬ, ਚਿਸਤੇਰਨਾ ਦੀ ਲਾਤੀਨਾ ਗੁਰਦੁਆਰਾ ਸਾਹਿਬ, ਫੌਂਦੀ ਗੁਰਦੁਆਰਾ ਸਾਹਿਬ, ਸਬਾਊਦੀਆ ਗੁਰਦੁਆਰਾ ਸਾਹਿਬ, ਬੋਰਗੋ ਹਰਮਾਦਾ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚੀਆਂ ਜਿਹੜੀਆਂ ਕਿ ਗੁਰੂ ਦੇ ਕੇਸਰੀ ਰੰਗ ਵਿੱਚ ਰੰਗ ਕੇ ਜੈਕਾਰੇ ਲਗਾ ਰਹੀਆਂ ਸਨ। ਨਗਰ ਕੀਰਤਨ 'ਚ ਸਥਾਨਕ ਪ੍ਰਸ਼ਾਸ਼ਨ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੇ ਬਹੁ-ਗਿਣਤੀ ਇਟਾਲੀਅਨ ਲੋਕ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਸਿੱਖ ਧਰਮ ਵਿੱਚ ਸਭ ਤੋਂ ਵੱਡੇਰੀ ਉਮਰ ਦੇ ਗੁਰੂ ਸਨ, ਜਿਨ੍ਹਾਂ ਨੂੰ ਸੰਨ 1552 ਈ. ਵਿੱਚ 73 ਸਾਲ ਦੀ ਉਮਰ ਦੌਰਾਨ ਗੁਰਤਾਗੱਦੀ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਈ ਅਤੇ ਉਹ ਸੰਨ 1574 ਈ: 'ਚ 94 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾਏ। ਸਤਿਗੁਰੂ ਅਮਰਦਾਸ ਜੀ ਦੇ 907 ਸ਼ਬਦ 19 ਰਾਗਾਂ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹਨ।